Jalandhar

‘ਧੋਗੜੀ ਰੋਡ ਨਗੀਨਾ, ਮੀਂਹ ਅੱਧਾ ਘੰਟਾ ਤੇ ਚਿੱਕੜ ਪੂਰਾ ਮਹੀਨਾ’, ਜੂੰ ਦੀ ਚਾਲੇ ਸੜਕ ਬਣਾ ਰਿਹਾ ਠੇਕੇਦਾਰ, ਲੋਕ ਹੋਏ ਡਾਢੇ ਦੁੱਖੀ

Residents of the area have made strong demands from Chief Minister Mann, AAP's Adampur constituency in-charge Pawan Kumar Tinu and Deputy Commissioner Jalandhar.

Residents of the area have made strong demands from Chief Minister Mann, AAP’s Adampur constituency in-charge Pawan Kumar Tinu and Deputy Commissioner Jalandhar.

 ਜਲੰਧਰ /ਅਮਨਦੀਪ ਸਿੰਘ ਰਾਜਾ

‘ਧੋਗੜੀ ਰੋਡ ਨਗੀਨਾ… ਮੀਂਹ ਅੱਧਾ ਘੰਟਾ ਤੇ ਚਿੱਕੜ ਪੂਰਾ ਮਹੀਨਾ’ ਜਦਕਿ ਪਾਈਪਲਾਈਨ ਵਿਛਾਉਣ ਦੀ ਮੱਠੀ ਰਫ਼ਤਾਰ ਕਾਰਨ ਹਾਲਾਤ ਹੁਣ ਇਸ ਤੋਂ ਵੀ ਬੁਰੇ ਹੋ ਚੁੱਕੇ ਹਨ।ਧੋਗੜੀ ਰੋਡ ਕਰੀਬ ਇਕ ਦਹਾਕੇ ਤੋਂ ਟੁੱਟੀ-ਭੱਜੀ ਹਾਲਤ ਵਿਚ ਹੈ। ਇੱਥੋਂ ਦੇ ਲੋਕ ਤੇ ਦੁਕਾਨਦਾਰ ਦੱਸਦੇ ਹਨ ਕਿ ਪਹਿਲਾਂ ਵੀ ਸੜਕ ਦੀ ਹਾਲਤ ਤਰਸਯੋਗ ਸੀ ਪਰ ਹੁਣ ਸੜਕ ਦੀ ਮੌਜੂਦਾ ਬਦਹਾਲੀ ਦੀ ਵਜ੍ਹਾ ਇਹ ਹੈ ਕਿ 6-7 ਸਾਲਾਂ ਤੋਂ ਇੱਥੇ ਜ਼ਮੀਨ ਹੇਠ ਪਾਈਪਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ।

ਦਾਅਵਾ ਕੀਤਾ ਗਿਆ ਸੀ ਕਿ ਜਦੋਂ ਇਹ ਪਾਈਪਲਾਈਨ ਮੁਕੰਮਲ ਤੌਰ ’ਤੇ ਵਿਛ ਜਾਵੇਗੀ ਤਾਂ ਇੱਥੇ ਸੀਵਰੇਜ ਸਿਸਟਮ ਵਿਚ ਸੁਧਾਰ ਆ ਜਾਵੇਗਾ। ਲੋਕਾਂ ਦੀ ਮੰਨੀਏ ਤਾਂ ਇਹ ਪ੍ਰਾਜੈਕਟ ਪਤਾ ਨਹੀਂ ਕਦੋਂ ਮੁਕੰਮਲ ਹੋਣਾ ਹੈ ਜਾਂ ਹੋਣਾ ਵੀ ਹੈ, ਇਹ ਵੀ ਹੁਣ ਯਕੀਨ ਨਹੀਂ ਆ ਰਿਹਾ ਹੈ। ਇਸ ਸੜਕ ਨਾਲ ਮੁਹੱਲਾ ਬਾਬਾ ਦੀਪ ਸਿੰਘ ਨਗਰ, ਪਿੰਡ ਰੇਰੂ, ਨੂਰਪੁਰ ਕਾਲੋਨੀ, ਭੀਮ ਨਗਰ, ਹਰਿਗੋਬਿੰਦ ਨਗਰ ਤੇ ਸੱਜੇ-ਖੱਬੇ ਪੈਂਦੀਆਂ ਹੋਰ ਅਬਾਦੀਆਂ ਜੁੜੀਆਂ ਹਨ। ਇਹ ਧੋਗੜੀ ਰੋਡ ਅੱਗੇ ਜਾ ਕੇ ਪਿੰਡ ਸਿਕੰਦਰਪੁਰ, ਅਲਾਵਲਪੁਰ ਤੇ ਧੋਗੜੀ ਤੱਕ ਅੱਪੜਦੀ ਹੈ

ਸੜਕ ਦਾ ਇਹ 5 ਤੋਂ 7 ਕਿੱਲੋਮੀਟਰ ਤੱਕ ਦਾ ਟੋਟਾ ਨਾ-ਸਿਰਫ਼ ਸਥਾਨਕ ਲੋਕਾਂ ਤੇ ਦੁਕਾਨਦਾਰਾਂ ਸਗੋਂ ਸਨਅਤਕਾਰਾਂ ਲਈ ਵੀ ਮੁਸੀਬਤ ਤੋਂ ਘੱਟ ਨਹੀਂ ਹੈ। ਇਸ ਸੜਕ ਨਾਲ, ਥੋੜ੍ਹੀ ਕੁ ਅੱਗੇ ਜਾ ਕੇ ਨੂਰਪੁਰ ਤੇ ਪਿੰਡ ਰਾਓਵਾਲੀ ਦੀਆਂ ਸੜਕਾਂ ਵੀ ਆਣ ਜੁੜਦੀਆਂ ਨੇ, ਇਨ੍ਹਾਂ ਪਿੰਡਾਂ ਨਾਲ ਬਾਈਪਾਸ ਤੋਂ ਵੀ ਸੰਪਰਕ ਜੁੜਦਾ ਹੈ ਤੇ ਪਿਛਲੇ ਗੇਟ ਇਸ ਪਾਸੇ ਵੀ ਹਨ। ਫਿਰ ਉਸ ਤੋਂ ਅੱਗੇ ਆਮ ਆਦਮੀ ਕਲੀਨਿਕ ਸਥਾਪਤ ਹੈ, ਇਕ ਬੰਦ ਹੋ ਚੁੱਕਾ ਸੇਵਾ ਕੇਂਦਰ ਹੈ, ਫਿਰ ਪੀਰ ਦੀ ਮਜ਼ਾਰ ਹੈ, ਬੱਸਾਂ ਬਣਾਉਣ ਵਾਲੀ ਵਰਕਸ਼ਾਪ ਹੈ, ਕੁਝ ਕਾਰਖ਼ਾਨੇ ਲੱਗੇ ਹੋਏ ਹਨ ਜੋ ਕਿ ਅੰਦਰ ਨੂੰ ਜਾਂਦੀਆਂ ਗਲੀਆਂ ਵਿਚ ਸਥਾਪਤ ਹਨ। ਇੱਥੋਂ ਮਾਲ ਦੀ ਢੁਆਈ ਤੇ ਲਦਾਈ ਕਰ ਕੇ ਅਗਾਂਹ ਮੰਜ਼ਿਲ ਤੱਕ ਲੈ ਕੇ ਜਾਣੀ ਬੇਹਦ ਔਖਾ ਕੰਮ ਹੋ ਚੁੱਕਾ ਹੈ। ਵਪਾਰੀਆਂ ਤੇ ਕਾਰਖ਼ਾਨੇਦਾਰਾਂ ਨੂੰ ਕਿੰਨਾ ਘਾਟਾ ਪੈ ਚੁੱਕਾ ਹੈ, ਇਹ ਓਨੀਂ ਵੱਡੀ ਗੱਲ ਨਹੀਂ ਜਦਕਿ ਇਸ ਘਾਟੇ ਕਾਰਨ ਵਪਾਰੀਆਂ ਤੇ ਕਾਰਖ਼ਾਨੇਦਾਰਾਂ ਨੇ ਕਿੰਨੇ ਮਜ਼ਦੂਰਾਂ ਦੀ ਛਾਂਟੀ ਕੀਤੀ ਹੋਵੇਗੀ, ਕਿੰਨੇ ਲੋਕ ਬਾ-ਰੁਜ਼ਗਾਰ ਤੋਂ ਬੇ-ਰੁਜ਼ਗਾਰ ਹੋਏ ਹੋਣਗੇ

ਸੜਕ ਸੁਧਾਰਣ ਦਾ ਕੰਮ ਵੀ ਠੱਪ ਪੈਣ ਵਰਗਾ ਹੀ ਹੈ। ਪਹਿਲਾਂ ਵੀ ਛੇ ਤੋਂ ਸੱਤ ਸਾਲਾਂ ਵਿਚ ਜਿਹੜਾ ‘ਕੰਮ’ ਕੀਤਾ ਗਿਆ ਹੈ, ਉਹ ਕੀੜੀ ਦੀ ਚਾਲ ਨਾਲ ਕੀਤਾ ਗਿਆ ਹੈ।   ਸਥਾਨਕ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਇੱਥੇ ਕਈ ਦੁਕਾਨਦਾਰ ਭਰਾ ਇਸ ਗੱਲੋਂ ਛੱਡ ਕੇ ਕਿਤੇ ਹੋਰ ਚਲੇ ਗਏ ਕਿ ਉਨ੍ਹਾਂ ਨੇ ਨਿਚੋੜ ਕੱਢ ਲਿਆ ਸੀ ਕਿ ਇਹ ਪ੍ਰਾਜੈਕਟ ਅਗਲੇ 10 ਸਾਲਾਂ ਤੱਕ ਵੀ ਮੁਕੰਮਲ ਹੋਣ ਵਾਲਾ ਨਹੀਂ। ਸਿਰਫ਼ ਉਹੀ ਦੁਕਾਨਦਾਰ ਟਿਕੇ ਹਨ, ਜਿਹੜੇ ਡਟੇ ਹੋਏ ਹਨ।

ਪ੍ਰਾਜੈਕਟ ਦੀ ਮੱਠੀ ਰਫ਼ਤਾਰ ਕਾਰਨ ਇੱਥੇ ਰਹਿੰਦੇ ਲੋਕਾਂ ਦੀ ਸਮੂਹਕ ਜ਼ਿੰਦਗੀ ਪ੍ਰਭਾਵਤ ਹੋਈ ਹੈ, ਕਈ ਕਾਰੋਬਾਰ ਪ੍ਰਭਾਵਤ ਹੋ ਚੁੱਕੇ ਹਨ ਕਿਉੰਕਿ ਇੱਥੇ ਰੋਜ਼ਮੱਰ੍ਹਾ ਜ਼ਰੂਰਤ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਹਨ। ਕੁਝ ਲੋਕ ਘਰਾਂ ਦੀ ਉਸਾਰੀ ਲਈ ਵਰਤੀ ਜਾਂਦੀ ਸਮੱਗਰੀ ਤੇ ਫੱਟੇ-ਬੱਲੀਆਂ ਕਿਰਾਏ ’ਤੇ ਦੇਣ ਦਾ ਕੰਮ ਕਰਦੇ ਹਨ, ਇੱਥੇ ਹਾਰਡਵੇਅਰ ਦੀਆਂ ਦੁਕਾਨਾਂ ਹਨ, ਕੈਮਿਸਟ ਮੌਜੂਦ ਹਨ, ਦੋ-ਪਹੀਆਂ ਵਹੀਕਲਾਂ ਦੀ ਮੁਰੰਮਤ ਕਰਨ ਵਾਲੇ ਮਕੈਨਿਕ ਹਨ, ਕਬਾੜ ਦਾ ਕੰਮ ਕਰਨ ਵਾਲੇ ਹਨ, ਸਬਜ਼ੀ ਦਾ ਖੋਖਾ ਲਾਉਣ ਵਾਲੇ ਛੋਟੇ ਉੱਦਮੀ ਹਨ। ਚਿੱਕੜ ਨਾਲ ਭਰੀ ਸੜਕ ਦੇ ਬਾਵਜੂਦ ਧੋਗੜੀ ਰੋਡ ਉੱਤੇ ਇਕ ਨਿੱਕਾ ਜਿਹਾ ਬਾਜ਼ਾਰ ਹਾਲੇ ਵੀ ਅਬਾਦ ਹੈ, ਇਹ ਉੱਦਮੀ ਕਿਤੇ ਜਾਣ ਵਾਲੇ ਨਹੀਂ। ਜਦੋਂ ਮੀਂਹ ਵਰ੍ਹਦੇ ਹਨ ਤਾਂ ਸੜਕ ਚਿੱਕੜੋ-ਚਿੱਕੜੀ ਹੋ ਜਾਂਦੀ ਹੈ ਤੇ ਜਦੋਂ ਧੁੱਪਾਂ ਪੈਂਦੀਆਂ ਹਨ ਤਾਂ ਇਹੀ ਸੁੱਕੀ ਮਿੱਟੀ ਭਾਰੀ ਵਾਹਨ ਲੰਘਣ ਵੇਲੇ ਉੱਡ ਕੇ ਲੋਕਾਂ ਦੇ ਮੂੰਹ ਤੇ ਸਿਰਾਂ ’ਤੇ ਪੈਂਦੀ ਹੈ। ਬਹੁਤ ਸਾਰੇ ਦੁਕਾਨਦਾਰ ਤੇ ਸਥਾਨਕ ਲੋਕ ਖੰਘ ਤੇ ਅਲਰਜੀ ਤੋਂ ਪਰੇਸ਼ਾਨ ਹਨ।

ਇਲਾਕਾ ਵਸਨੀਕਾਂ ਵਲੋਂ ਮੁੱਖ ਮੰਤਰੀ ਮਾਨ, ‘ਆਪ’ ਦੇ ਆਦਮਪੁਰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਅਤੇ ਡਿਪਟੀ ਕਮਿਸ਼ਨਰ ਜਲੰਧਰ ਤੋਂ ਜ਼ੋਰਦਾਰ ਮੰਗ

ਦੂਜੇ ਪਾਸੇ ਸੜਕ ਨਾ ਬਣਨ ਦੇ ਕਾਰਨ ਇਨ੍ਹਾਂ ਪਿੰਡ ਨੂੰ ਜਲੰਧਰ ਬੱਸ ਸਟੈਂਡ ਤੋਂ ਆਦਮਪੁਰ ਵਾਇਆ ਧੋਗੜੀ -ਸਿਕੰਦਰਪੁਰ ਨੂੰ ਆਉਣ ਵਾਲੀ ਬੱਸ ਸੇਵਾ ਵੀ ਕਾਫੀ ਲੰਬੇ ਸਮੇ ਤੋਂ ਬੰਦ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ , ਸਕੂਲ ਕਾਲਜ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਲਾਕੇ ਨਿਵਾਸੀਆਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ,ਮੌਜੂਦਾ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਆਦਮਪੁਰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਅਤੇ ਡਿਪਟੀ ਕਮਿਸ਼ਨਰ ਜਲੰਧਰ ਤੋਂ ਮੰਗ ਹੈ ਕਿ ਇਹ ਸੜਕ ਨੂੰ ਜਲਦੀ ਬਣਾ ਕੇ ਲੋਕਾਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਅਤੇ ਬੰਦ ਪਈ ਪ੍ਰਾਈਵੇਟ ਬੱਸ ਨੂੰ ਤੁਰੰਤ ਚਲਾਇਆ ਜਾਵੇ।

Back to top button