
Will the new Akali Dal president be able to gain political ground in Punjab?
ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਸੱਦੇ ਇਜਲਾਸ ਦੌਰਾਨ ਸੋਮਵਾਰ ਨੂੰ ਹਰਪ੍ਰੀਤ ਸਿੰਘ ਨੂੰ ‘ਨਵੇਂ’ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ।
ਇਸ ਤੋਂ ਪਹਿਲਾਂ ਵੀ ਕਈ ਵਾਰ ਅਕਾਲੀ ਦਲ ਦੇ ਧੜੇ ਬਣੇ ਪਰ ਬਹੁਤ ਸਾਰੇ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਸਵਾਲ ਹੈ ਕਿ ਕੀ ਨਵਾਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਚੁਣੌਤੀ ਬਣੇਗਾ? ਇਸ ਦੇ ਆਪਣੇ ਹੀ ਸਾਹਮਣੇ ਕਿਹੜੀਆਂ ਵੱਡੀਆਂ ਚੁਣੌਤੀਆਂ ਰਹਿਣਗੀਆਂ? ਨਵਾਂ ਅਕਾਲੀ ਦਲ ਕਿਸ ਤਰ੍ਹਾਂ ਦੀ ਸਿਆਸਤ ਕਰੇਗਾ?
ਨਵੇਂ ਅਕਾਲੀ ਦਲ ਅੱਗੇ ਕੀ ਚੁਣੌਤੀਆਂ?
ਮਾਹਰਾਂ ਦਾ ਮੰਨਣਾ ਹੈ ਕਿਸੇ ਸਮੇਂ ਧਰਮ ਨੂੰ ਰਾਜਨੀਤੀ ਲਈ ਅਕਾਲੀ ਦਲ ਵੱਲੋਂ ਵਰਤਿਆਂ ਜਾਂਦਾ ਸੀ ਪਰ ਹੁਣ ਇਸ ਤਰ੍ਹਾਂ ਦੇ ਰੁਝਾਨ ਵਿੱਚ ਪਿਛਲੇ ਸਮੇਂ ਦੌਰਾਨ ਬਦਲਾਅ ਆਇਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, ”ਅਕਾਲੀ ਦਲ ਨੂੰ ਅਗਵਾਈ ਕਰਨ ਲਈ ਧਾਰਮਿਕ ਨਹੀਂ, ਸਿਆਸੀ ਆਗੂ ਦੀ ਲੋੜ ਹੈ। ਧਾਰਮਿਕ ਮਸਲੇ ਲੋਕਾਂ ਦੇ ਨਿੱਜੀ ਮਸਲੇ ਹਨ ਪਰ ਸਿੱਖ ਮਜ਼ਬੂਤ ਸਿਆਸੀ ਆਗੂ ਚਾਹੁੰਦੇ ਹਨ ਕਿਉਂਕਿ ਕਿਸਾਨੀ, ਬੇਰੁਜ਼ਗਾਰੀ ਜਾਂ ਹੋਰ ਸਮੱਸਿਆਵਾਂ ਨੂੰ ਰਾਜਨੀਤਿਕ ਲੋਕ ਹੀ ਹੱਲ ਕਰ ਸਕਦੇ ਹਨ।”
ਹਾਲਾਂਕਿ, ਉਹ ਕਹਿੰਦੇ ਹਨ ਕਿ ਇਸ ਧੜੇ ਦੇ ਦੂਜੇ ਆਗੂ ਜਿਵੇਂ ਮਨਪ੍ਰੀਤ ਇਆਲੀ, ਇਕਬਾਲ ਸਿੰਘ ਝੂੰਦਾ ਅਤੇ ਪਰਮਿੰਦਰ ਸਿੰਘ ਢੀਂਡਸਾ ਆਦਿ ਨਰਮ ਦਲੀ ਰਾਜਨੀਤੀ ਕਰਦੇ ਹਨ।








