ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਕਰ ਰਿਹਾ ਅਨੋਖੀ ਮਨੁੱਖਤਾ ਦੀ ਸੇਵਾ
Leaving the Punjab Police job, he is doing a unique service to humanity.

Leaving the Punjab Police job, he is doing a unique service to humanity.
ਅੱਜ ਦੇ ਬੱਚੇ ਆਪਣੇ ਮਾਪਿਆਂ ਨੂੰ ਛੱਡ ਰਹੇ ਹਨ। ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਸੇਵਾ ਭਾਵਨਾ ਨਾਲ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੀ ਮਦਦ ਲਈ ਲੱਗੇ ਹੋਏ ਹਨ। ਸੰਗਰੂਰ ਦੇ ਰਹਿਣ ਵਾਲੇ ਰਮੇਸ਼ ਕੁਮਾਰ ਜੋ 1984 ਤੋਂ ਬਿਨਾਂ ਕਿਸੇ ਲਾਲਚ ਅਤੇ ਬਿਨਾਂ ਕੋਈ ਪੈਸਾ ਲਏ ਲਵਾਰਿਸ ਲਾਸ਼ਾਂ ਦਾ ਸਸਕਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਜੋ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਰਸਮਾਂ ਨਹੀਂ ਕਰਦੇ, ਉਨ੍ਹਾਂ ਦੇ ਅੰਤਿਮ ਸਸਕਾਰ ਵੀ ਕਰ ਚੁੱਕਿਆ ਹੈ।
ਪੁਲਿਸ ਨੌਕਰੀ ਛੱਡੀ, ਕੋਰੋਨਾ ‘ਚ ਵੀ ਨਹੀਂ ਹਟੇ ਪਿੱਛੇ
ਰਮੇਸ਼ ਕੁਮਾਰ ਨੇ ਦੱਸਿਆ ਕਿ ਛੋਟੇ ਹੁੰਦੇ ਉਨ੍ਹਾਂ ਨੂੰ ਲਾਸ਼ਾਂ ਤੋਂ ਡਰ ਲੱਗਦਾ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਅਤੇ ਦਾਦਾ ਜੀ ਵੀ ਇਹ ਹੀ ਕੰਮ ਕਰਦੇ ਸੀ। ਵੱਡੇ ਹੋ ਕੇ ਉਨ੍ਹਾਂ ਵੱਲੋਂ ਵੀ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ। ਸਾਲ 1992 ‘ਚ ਬੀਏ ਦੀ ਪੜ੍ਹਾਈ ਕੀਤੀ ਸੀ ਤਾਂ ਉਹ ਫਿਰ ਪੁਲਿਸ ‘ਚ ਭਰਤੀ ਵੀ ਹੋਏ ਪਰ ਪਰਿਵਾਰ ਵੱਲੋਂ ਕਿਹਾ ਗਿਆ ਕਿ ਲਵਾਰਿਸ ਲੋਕਾਂ ਦੀ ਸੇਵਾ ਕੀਤੀ ਜਾਵੇ, ਜਿਸ ਕਾਰਨ ਪੁਲਿਸ ਦੀ ਨੌਕਰੀ ਛੱਡ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ‘ਚ ਜਿਥੇ ਲੋਕ ਆਪਣਿਆਂ ਦਾ ਸਾਥ ਛੱਡ ਰਹੇ ਸਨ ਤਾਂ ਉਥੇ ਵੀ ਉਨ੍ਹਾਂ ਨੇ ਲਾਸ਼ਾਂ ਦਾ ਸਸਕਾਰ ਕੀਤਾ ਹੈ।
ਲਵਾਰਿਸ ਲਾਸ਼ਾਂ ਦਾ ਅੰਤਿਮ ਸਸਕਾਰ
ਰਮੇਸ਼ ਕੁਮਾਰ ਨੇ ਦੱਸਿਆ ਕਿ “ਉਹ 1984 ਤੋਂ ਲੈ ਕੇ ਹੁਣ ਤੱਕ ਲੱਗਭਗ 30 ਤੋਂ 35 ਹਜ਼ਾਰ ਲਾਸ਼ਾਂ ਦਾ ਅੰਤਿਮ ਸਸਕਾਰ ਕਰ ਚੁੱਕੇ ਹਨ, ਜਿੰਨ੍ਹਾਂ ‘ਚ 5 ਹਜ਼ਾਰ ਦੇ ਕਰੀਬ ਲਵਾਰਿਸ ਲੋਕਾਂ ਦੀਆਂ ਲਾਸ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮ੍ਰਿਤਕ ਲਵਾਰਿਸ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਸਸਕਾਰ ਤੋਂ ਬਾਅਦ ਸਾਰੀਆਂ ਅੰਤਿਮ ਰਸਮਾਂ ਵੀ ਕਰਦੇ ਹਨ ਅਤੇ ਜੇਕਰ ਮ੍ਰਿਤਕ ਸਿੱਖ ਹੈ ਤਾਂ ਉਸ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਲਿਜਾਈਆਂ ਜਾਂਦੀਆਂ ਹਨ ਅਤੇ ਜੇਕਰ ਮ੍ਰਿਤਕ ਹਿੰਦੂ ਹੈ ਤਾਂ ਉਸ ਦੀਆਂ ਅਸਥੀਆਂ ਨੂੰ ਹਰਿਦੁਆਰ ਵਿਖੇ ਗੰਗਾ ਵਿੱਚ ਵਹਾਇਆ ਜਾਂਦਾ ਹੈ।”








