Birthday ਮਨਾਉਣ ਲਈ ਪੈਸੇ ਨਾ ਦੇਣ ‘ਤੇ ਪੁੱਤ ਨੇ ਬੇਰਹਿਮੀ ਨਾਲ ਕੀਤਾ ਪਿਤਾ ਦਾ ਕਤਲ
Son brutally kills father for not giving him money to celebrate his birthday
ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪੱਤੋ ਵਿਖੇ ਇੱਕ ਪੁੱਤਰ ਨੇ ਬੇਰਹਮੀ ਨਾਲ ਆਪਣੇ ਪਿਤਾ ਦੀ ਕੈਂਚੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਵੱਲੋਂ ਆਰੋਪੀ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (44) ਪਿੰਡ ਪੱਤੋ ਵਜੋਂ ਹੋਈ ਹੈ। ਪੁੱਤ ਆਪਣੇ ਜਨਮਦਿਨ ‘ਤੇ ਪਿਤਾ ਤੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ ਪਰ ਪਿਤਾ ਉਸ ਨੂੰ 1 ਹਜ਼ਾਰ ਰੁਪਏ ਦੇ ਰਹੇ ਸਨ।
ਜਾਣਕਾਰੀ ਅਨੁਸਾਰ 24 ਸਾਲਾ ਪੁੱਤਰ ਵਰਿੰਦਰਜੀਤ ਸਿੰਘ ਵੱਲੋਂ ਆਪਣਾ ਜਨਮ ਦਿਨ ਮਨਾਉਣ ਲਈ ਆਪਣੇ ਪਿਤਾ ਪਰਮਜੀਤ ਸਿੰਘ ਕੋਲੋਂ 5 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਪਰ ਪਿਤਾ ਉਸ ਦੀ ਇਹ ਮੰਗ ਪੂਰੀ ਕਰਨ ਤੋਂ ਅਸਮਰੱਥ ਸੀ ਅਤੇ ਉਸ ਨੂੰ 1000 ਰੁਪਏ ਜਨਮ ਦਿਨ ਮਨਾਉਣ ਲਈ ਦੇ ਦਿੱਤੇ ਪਰੰਤੂ ਪੁੱਤਰ ਆਪਣੀ ਜਿੱਦ ‘ਤੇ ਅੜਿਆ ਰਿਹਾ ਤੇ 5 ਹਜ਼ਾਰ ਰੁਪਏ ਦੀ ਮੰਗ ਕਰਦਾ ਰਿਹਾ। ਪਿਤਾ ਵੱਲੋਂ ਉਸ ਨੂੰ ਮੰਗ ਅਨੁਸਾਰ ਪੈਸੇ ਨਾ ਦਿੱਤੇ ਜਾਣ ‘ਤੇ ਗੁੱਸੇ ਵਿੱਚ ਆਏ ਕਾਤਲ ਪੁੱਤਰ ਨੇ ਕੈਂਚੀ ਮਾਰ ਕੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਡੀਐਸਪੀ ਬਸੀਪਠਾਣਾ ਰਾਜ ਕੁਮਾਰ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੈਂਚੀ ਲੱਗਣ ਕਾਰਨ ਪਰਮਜੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਆਂਦਾ ਗਿਆ ਪਰੰਤੂ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਸਥਾਨਾਂ ਬਡਾਲੀ ਪਾਲਾ ਸਿੰਘ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁੱਤਰ ਵਰਿੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।







