
ਇੰਨੋਸੈਂਟ ਹਾਰਟਸ ਸਕੂਲ ਵਿੱਚ “ਨਸ਼ੇ ਦੇ ਮਾੜੇ ਪ੍ਰਭਾਵ” ਵਿਸ਼ੇ ’ਤੇ ਜਾਗਰੂਕਤਾ ਸੈਸ਼ਨ ਆਯੋਜਿਤ
ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਰੋਡ ਕੈਂਪਸ ਵਿੱਚ “ਨਸ਼ੇ ਦੇ ਮਾੜੇ ਪ੍ਰਭਾਵ” ਵਿਸ਼ੇ ’ਤੇ ਇੱਕ ਖ਼ਾਸ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਸਥਾਨਕ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓ.) ਸ੍ਰੀ ਯਾਦਵਿੰਦਰ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੂੰ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਦੁਰਪਯੋਗ ਦੇ ਹਾਨੀਕਾਰਕ ਨਤੀਜਿਆਂ ਬਾਰੇ ਜਾਗਰੂਕ ਕੀਤਾ।ਸਕੂਲ ਦੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਮੀਤ ਬਖ਼ਸ਼ੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਅਤੇ ਆਭਾਰ ਦੇ ਤੌਰ ’ਤੇ ਇੱਕ ਪੌਦਾ ਭੇਂਟ ਕੀਤਾ।ਆਪਣੇ ਵਿਅਖ਼ਿਆਨ ਦੀ ਸ਼ੁਰੂਆਤ ਵਿੱਚ ਐਸ.ਐਚ.ਓ. ਯਾਦਵਿੰਦਰ ਸਿੰਘ ਜੀ ਨੇ ਦੱਸਿਆ ਕਿ ਨਸ਼ੇ ਦੀ ਲਤ ਅਕਸਰ ਸਾਥੀਆਂ ਦੇ ਦਬਾਅ ਜਾਂ ਜਿਗਆਸਾ ਕਾਰਨ ਸ਼ੁਰੂ ਹੁੰਦੀ ਹੈ ਅਤੇ ਹੌਲੀ -ਹੌਲੀ ਇਹ ਇਕ ਖ਼ਤਰਨਾਕ ਆਦਤ ਵਿੱਚ ਬਦਲ ਜਾਂਦੀ ਹੈ। ਉਨ੍ਹਾਂ ਨੇ ਨਸ਼ੇ ਦੇ ਸਰੀਰ ਤੇ ਪੈ ਰਹੇ ਮਾੜੇ ਪ੍ਰਭਾਵ ਜਿਵੇਂ ਕਿ ਜਿਗਰ, ਫੇਫੜਿਆਂ ਅਤੇ ਦਿਮਾਗ਼ ਨੂੰ ਨੁਕਸਾਨ, ਨਾਲ ਹੀ ਮਨੋਵਿਗਿਆਨਕ ਪ੍ਰਭਾਵਾਂ ਜਿਵੇਂ ਚਿੰਤਾ, ਡਿਪਰੈਸ਼ਨ ਅਤੇ ਇਕਾਗਰਤਾ ਦੀ ਘਾਟ ਬਾਰੇ ਰੋਸ਼ਨੀ ਪਾਈ।
ਉਨ੍ਹਾਂ ਨੇ ਇਸ ਦੇ ਸਮਾਜਿਕ ਨਤੀਜਿਆਂ ’ਤੇ ਵੀ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਪਰਿਵਾਰਕ ਰਿਸ਼ਤਿਆਂ ਵਿੱਚ ਦਰਾਰ, ਸਿੱਖਿਅਕ ਪ੍ਰਦਰਸ਼ਨ ਵਿੱਚ ਕਮੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਸ਼ਾਮਲ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਨਸ਼ੇ ਦਾ ਇਕ ਵਾਰ ਵੀ ਪ੍ਰਯੋਗ ਜੀਵਨ ਭਰ ਦੇ ਪਛਤਾਵੇ ਦਾ ਕਾਰਨ ਬਣ ਸਕਦਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਰੱਗਜ਼ ਰੱਖਣ ਅਤੇ ਇਸ ਦੇ ਸੇਵਨ ਨਾਲ ਜੁੜੇ ਸਖ਼ਤ ਕਾਨੂੰਨਾਂ ਅਤੇ ਸਜ਼ਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਤਾਂ ਜੋ ਵਿਦਿਆਰਥੀ ਇਸ ਦੇ ਕਾਨੂੰਨੀ ਨਤੀਜਿਆਂ ਤੋਂ ਵੀ ਅਵਗਤ ਹੋ ਸਕਣ।
ਇਹ ਸੈਸ਼ਨ ਬਹੁਤ ਇੰਟਰੈਕਟਿਵ ਅਤੇ ਪ੍ਰਭਾਵਸ਼ਾਲੀ ਰਿਹਾ, ਜਿਸ ਵਿੱਚ ਵਿਦਿਆਰਥੀਆਂ ਨੇ ਪ੍ਰਸ਼ਨ ਪੁੱਛੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਐਸ.ਐਚ.ਓ. ਨੇ ਸਭ ਨੂੰ ਸਿਹਤਮੰਦ ਆਦਤਾਂ ਅਪਣਾਉਣ, ਸਕਾਰਾਤਮਕ ਸੋਚ ਰੱਖਣ ਅਤੇ ਕਿਸੇ ਵੀ ਸ਼ੰਕਾ ਦੀ ਸਥਿਤੀ ਵਿੱਚ ਮਾਤਾ-ਪਿਤਾ ਜਾਂ ਅਧਿਆਪਕਾਂ ਤੋਂ ਮਾਰਗਦਰਸ਼ਨ ਲੈਣ ਦੀ ਸਲਾਹ ਦਿੱਤੀ।ਇਹ ਸੈਸ਼ਨ ਬਹੁਤ ਹੀ ਜਾਣਕਾਰੀਪੂਰਣ ਅਤੇ ਪ੍ਰੇਰਣਾਦਾਇਕ ਰਿਹਾ। ਇਸ ਨੇ ਵਿਦਿਆਰਥੀਆਂ ਵਿੱਚ ਡਰੱਗਜ਼ ਦੇ ਖ਼ਤਰਿਆਂ ਬਾਰੇ ਗਹਿਰੀ ਜਾਗਰੂਕਤਾ ਪੈਦਾ ਕੀਤੀ ਅਤੇ ਉਨ੍ਹਾਂ ਨੂੰ ਇੱਕ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਜੀਣ ਲਈ ਪ੍ਰੇਰਿਤ ਕੀਤਾ।
