Jalandhar

ਜਲੰਧਰ ‘ਚ SHO ਖਿਲਾਫ਼ FIR ਦਰਜ, ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ

ਜਲੰਧਰ ‘ਚ SHO ਭੂਸ਼ਣ ਕੁਮਾਰ ਖਿਲਾਫ਼ FIR ਦਰਜ, ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ

ਜਲੰਧਰ ਦੇ ਫਿਲੌਰ ਪੁਲਿਸ ਸਟੇਸ਼ਨ ਦੇ ਸਾਬਕਾ ਐਸਐਚਓ ਭੂਸ਼ਣ ਕੁਮਾਰ ‘ਤੇ ਇੱਕ ਔਰਤ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਕਾਨੂੰਨੀ ਦਬਾਅ ਵਧ ਗਿਆ ਹੈ। ਬੀਤੀ ਦੇਰ ਰਾਤ ਜਲੰਧਰ ਦਿਹਾਤੀ ਪੁਲਿਸ ਨੇ ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।

ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, “ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਆਡੀਓ ਅਤੇ ਵੀਡੀਓ ਸਮੱਗਰੀ ਦੀ ਮੁੱਢਲੀ ਜਾਂਚ ਤੋਂ ਬਾਅਦ ਭੂਸ਼ਣ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਆਡੀਓ ਅਤੇ ਵੀਡੀਓ ਦੀ ਫੋਰੈਂਸਿਕ ਜਾਂਚ ਇਸ ਸਮੇਂ ਚੱਲ ਰਹੀ ਹੈ।”

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਇਸ ਤੋਂ ਪਹਿਲਾਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮਾਮਲੇ ਨੂੰ ਗੰਭੀਰ ਸਮਝਦੇ ਹੋਏ, ਐਸਐਸਪੀ ਜਲੰਧਰ (ਦਿਹਾਤੀ) ਨੂੰ ਨੋਟਿਸ ਜਾਰੀ ਕੀਤਾ ਅਤੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਕਮਿਸ਼ਨ ਨੇ ਦੋਵਾਂ ਧਿਰਾਂ ਨੂੰ 13 ਨਵੰਬਰ ਨੂੰ ਤਲਬ ਕੀਤਾ। ਜਿਸ ਵਿੱਚ ਐਸਐਚਓ ਭੂਸ਼ਣ ਕੁਮਾਰ ਅਤੇ ਡੀਐਸਪੀ ਬੱਲ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਕਮਿਸ਼ਨ ਦੇ ਚੇਅਰਪਰਸਨ ਨੇ ਐਸਐਚਓ ਨੂੰ ਤਾੜਨਾ ਕਰਦਿਆਂ ਕਿਹਾ ਕਿ ਵਰਦੀ ਦੀ ਆੜ ਵਿੱਚ ਔਰਤਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਜ ਲਾਲੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਥਾਣਿਆਂ ਵਿੱਚ ਔਰਤਾਂ ਨਾਲ ਗੱਲਬਾਤ ਸਿਰਫ਼ ਸੀਸੀਟੀਵੀ ਕੈਮਰਿਆਂ ਦੇ ਸਾਹਮਣੇ ਹੀ ਕੀਤੀ ਜਾਣੀ ਚਾਹੀਦੀ ਹੈ।

ਮਹਿਲਾ ਕਮਿਸ਼ਨ ਨੇ ਕੀਤਾ ਤਲਬ

ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਪੁਲਿਸ ਸਟੇਸ਼ਨ ਤੋਂ ਸੀਸੀਟੀਵੀ ਫੁਟੇਜ ਮੰਗਵਾਈਆਂ ਹਨ। ਪੀੜਤਾਂ ਨੇ ਕਮਿਸ਼ਨ ਨੂੰ ਆਪਣੇ ਮੋਬਾਈਲ ਫੋਨ ਰਿਕਾਰਡਿੰਗਾਂ ਜਮ੍ਹਾਂ ਕਰਵਾਈਆਂ ਹਨ, ਜਿਨ੍ਹਾਂ ਵਿੱਚ ਕਥਿਤ ਤੌਰ ‘ਤੇ ਅਪਰਾਧਕ ਗੱਲਬਾਤਾਂ ਹਨ। ਇਨ੍ਹਾਂ ਰਿਕਾਰਡਿੰਗਾਂ ਨੂੰ ਸੁਣਨ ਤੋਂ ਬਾਅਦ, ਚੇਅਰਪਰਸਨ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Back to top button