
ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ 5 ਦਿਨਾਂ ਦਾ ਪ੍ਰੋਡਕਸ਼ਨ ਵਾਰੰਟ ਅੱਜ ਖ਼ਤਮ ਹੋਣ ਜਾ ਰਿਹਾ ਹੈ। ਉਨ੍ਹਾਂ ਨੂੰ 8 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਸੀਬੀਆਈ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਸੀਬੀਆਈ ਸਾਹਮਣੇ ਭੁੱਲਰ ਨੇ 10 ਆਈਪੀਐਸ ਤੇ 4 ਆਈਏਐਸ ਅਫ਼ਸਰਾਂ ਦੇ ਨਾਮ ਲਏ ਹੈ। ਸੀਬੀਆਈ ਹੁਣ ਸਬੂਤਾਂ ਤੇ ਤੱਥਾਂ ਦੀ ਜਾਂਚ ਕਰ ਰਹੀ ਹੈ।
ਦੂਜੇ ਪਾਸੇ, ਸੀਬੀਆਈ ਨੇ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦੇ ਘਰ ਰੇਡ ਕਰਕੇ 20.5 ਲੱਖ ਰੁਪਏ, ਦਸਤਾਵੇਜ਼ ਤੇ ਇਲੈਕਟ੍ਰਾਨਿਕ ਡਿਵਾਇਸਾਂ ਜ਼ਬਤ ਕੀਤੀਆਂ ਹਨ। ਭੁਪਿੰਦਰ ‘ਤੇ ਅਫ਼ਸਰਾਂ ਦੀ ਬਲੈਕ ਮੰਨੀ ਨੂੰ ਵ੍ਹਾਈਟ ਕਰਨ ਦਾ ਆਰੋਪ ਹੈ। ਜਾਂਚ ‘ਚ ਨਿਆਇਕ ਅਧਿਕਾਰੀਆਂ ਨਾਲ ਜੁੜੀ ਚੈਟ ਵੀ ਮਿਲੀ ਹੈ, ਇਸ ‘ਚ ਅਦਾਲਤਾਂ ਦੇ ਹੁਕਮ ਪ੍ਰਭਾਵਿਤ ਕਰਨ ਦੇ ਸੰਕੇਤ ਮਿਲੇ ਹਨ।
ਉੱਥੇ ਹੀ, ਪੰਜਾਬ ਵਿਜੀਲੈਂਸ ਨੇ ਵੀ ਭੁੱਲਰ ‘ਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ, ਪਰ ਇਸ ਮਾਮਲੇ ‘ਚ ਉਨ੍ਹਾਂ ਦਾ ਰਿਮਾਂਡ ਨਹੀਂ ਮਿਲ ਸਕਿਆ ਹੈ। ਹੁਣ ਸੀਬੀਆਈ ਤੇ ਪੰਜਾਬ ਵਿਜੀਲੈਂਸ ਦੋਵੇਂ ਏਜੰਸੀਆਂ ਆਹਮੋ-ਸਾਹਮਣੇ ਹਨ। ਸੀਬੀਆਈ ਰਿਸ਼ਵਤਖੋਰੀ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਵਿਜੀਲੈਂਸ ਤੇ ਸੀਬੀਆਈ ਜਾਂਚ
ਪੰਜਾਬ ਵਿਜੀਲੈਂਸ ਬਿਊਰੋ ਨੇ ਭਲੇ ਹੀ ਭੁੱਲਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਹੈ, ਪਰ ਉਹ ਰਿਮਾਂਡ ਲੈਣ ‘ਚ ਕਾਮਯਾਬ ਨਹੀਂ ਹੋਈ ਸਕੀ ਹੈ। ਹਾਲਾਂਕਿ, ਵਿਜੀਲੈਂਸ ਬਿਊਰੋ ਅੱਜ ਮੁਹਾਲੀ ਕੋਰਟ ‘ਚ ਫਿਰ ਤੋਂ ਭੁੱਲਰ ਦਾ ਰਿਮਾਂਡ ਮੰਗ ਸਕਦੀ ਹੈ। ਉੱਧਰ, ਸੀਬੀਆਈ ਨੂੰ ਕਈ ਅਹਿਮ ਸਬੂਤ ਮਿਲੇ ਹਨ। ਪਟਿਆਲਾ ‘ਚ ਜਿਸ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ‘ਤੇ ਸੀਬੀਆਈ ਨੇ ਮੰਗਲਵਾਰ ਨੂੰ ਰੇਡ ਕੀਤੀ ਸੀ, ਉਸ ਨਾਲ ਵੀ ਡੀਆਈਜੀ ਭੁੱਲਰ ਦੇ ਗਹਿਰੇ ਸਬੰਧ ਦੱਸੇ ਜਾ ਰਹੇ ਹਨ। ਸੀਬੀਆਈ ਉਸ ਦਾ ਵੀ ਅਰੈਸਟ ਵਾਰੰਟ ਕੋਰਟ ਤੋਂ ਲੈ ਸਕਦੀ ਹੈ।
10 ਆਈਪੀਐਸ ਤੇ 4 ਆਈਏਐਸ ਅਫ਼ਸਰਾਂ ਦੇ ਨਾਮ ਆਏ ਸਾਹਮਣੇ!
ਸੂਤਰਾਂ ਮੁਤਾਬਕ ਸੀਬੀਆਈ ਨੇ ਭੁੱਲਰ ਦੇ 5 ਦਿਨਾਂ ਦੇ ਪ੍ਰਡੋਕਸ਼ਨ ਵਾਰੰਟ ਦੌਰਾਨ, ਉਸ ਦੇ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਦੇ ਸਾਹਮਣੇ ਬਿਠਾ ਕੇ ਪੁੱਛ-ਗਿੱਛ ਕੀਤੀ। ਇਸ ਦੌਰਾਨ ਸੀਬੀਆਈ ਨੂੰ ਕਈ ਅਹਿਮ ਸਬੂਤ ਮਿਲੇ ਹਨ। ਇਸ ਤੋਂ ਬਾਅਦ ਹੀ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦੇ ਘਰ ‘ਤੇ ਰੇਡ ਕੀਤੀ ਗਈ ਸੀ। ਸੀਬੀਆਈ ਨੂੰ ਸਬੂਤ ਮਿਲੇ ਹਨ ਕਿ ਭੁਪਿੰਦਰ ਸਿੰਘ ਕਈ ਅਫ਼ਸਰਾਂ ਦੀ ਬਲੈਕ ਮੰਨੀ ਨੂੰ ਵ੍ਹਾਈਟ ‘ਚ ਤਬਦੀਲ ਕਰਦਾ ਸੀ।









