
ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਦਿਨ ਸਿੱਖਾਂ ਲਈ ਬਹੁਤ ਵੱਡਾ ਹੈ। ਸਿੱਖ ਇਸ ਮੁਲਕ ਵਿਚ ਬਰਾਬਰ ਦੇ ਸ਼ਹਿਰੀ ਹਨ। ਹਮੇਸ਼ਾ ਹੀ ਸਿੱਖਾਂ ਨੇ ਆਪਣੀ ਅਣਖ ਨੂੰ ਕਾਇਮ ਰੱਖਿਆ ਪਰ ਸਾਡੀ ਵੱਖਰੀ ਪਛਾਣ, ਸਾਡੇ 5 ਕੰਕਾਰ ਇਸ ਨੂੰ ਉਦੋਂ ਵੀ ਖਤਮ ਕਰਨ ਲਈ ਵੀ ਨੀਤੀਆਂ ਘੜੀਆਂ ਗਈਆਂ ਸਨ, ਅੱਜ ਵੀ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਲਈ ਕਦੇ ਹਿਮਾਚਲ ਦੇ ਵਿਚ ਸਿੱਖਾਂ ਦੇ ਨਾਲ ਧੱਕਾ ਹੁੰਦਾ ਹੈ। ਇਸੇ ਹੀ ਪੰਜਾਬ ਦੀ ਧਰਤੀ ‘ਤੇ ਪੂਰੇ ਮੁਲਕ ਤੋਂ ਆ ਕੇ ਲੋਕ ਰਹਿੰਦੇ ਹਨ ਪਰ ਸਿੱਖ 2 ਦਿਨ ਵਾਸਤੇ ਕਿਤੇ ਚਲਾ ਜਾਵੇ ਤਾਂ ਸਾਡੀਆਂ ਦਾੜ੍ਹੀਆਂ ਨੂੰ ਵੀ ਹੱਥ ਪਾ ਲੈਂਦੇ ਹਨ। ਸਮੇਂ ਦੇ ਹੁਕਮਰਾਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਬਰਾਬਰ ਦੇ ਭਾਈਵਾਲ ਹਾਂ।
ਸਿੱਖਾਂ ਨੇ ਉਦੋਂ ਵੀ ਸਬੂਤ ਦਿੱਤਾ ਸੀ ਤੇ ਦੱਸਿਆ ਕਿ ਅਸੀਂ ਆਪਣੇ ਗੁਰੂ ਲਈ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਸਕਦੇ ਹਾਂ। ਅੱਜ ਸਿੱਖ ਗਲੋਬਲੀ ਪੂਰੇ ਸੰਸਾਰ ਵਿਚ ਮੌਜੂਦ ਹਨ। ਸਰਬਤ ਦੇ ਭਲੇ ਦੀ ਸੋਚ ਰਾਹੀਂ ਦੁਨੀਆ ਵਿਚ ਵਿਲੱਖਣ ਪਛਾਣ ਬਣਾਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਗੱਲਾਂ ਨੂੰ ਬਹਾਨਾ ਬਣਾ ਕੇ ਸਿੱਖਾਂ ਖਿਲਾਫ ਨਫਰਤੀ ਮਾਹੌਲ ਬਣਾਇਆ ਜਾ ਰਿਹਾ ਹੈ। ਪੰਜਾਬ ਸਾਡਾ ਹੋਮਲੈਂਡ ਹੈ, ਦੁਨੀਆ ਵਿਚ ਵਸਣ ਵਾਲੇ ਸਿੱਖੋ ਅਸੀਂ ਪੰਜਾਬ ਨੂੰ ਪੱਕਾ ਨਹੀਂ ਛੱਡਣਾ ਹੈ। ਬੱਚਿਆਂ ਨੂੰ ਸ੍ਰੀ ਦਰਬਾਰ ਸਾਹਿਬ ਲੈ ਕੇ ਆਈਏ।










