ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਸਾਲਾਂ ਤੋਂ ਪੰਚਾਇਤੀ ਜ਼ਮੀਨਾਂ ’ਤੇ ਕਾਬਜ਼ ਲੋਕਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਪਾਰਟੀ ਵੱਲੋਂ ਵੀ ਇਸ ਮੁਹਿੰਮ ਨੂੰ ਕਾਫੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਨਾਲ ਜੁੜੇ ਲੋਕਾਂ ਦੀ ਜ਼ਮੀਨ ‘ਤੇ ਕਬਜ਼ਾ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਲੰਧਰ-ਫਗਵਾੜਾ ਵਿਚਕਾਰ ਬਣੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਨੇ ਵੀ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਾ ਕਰ ਲਿਆ ਹੈ। ਐਲਪੀਯੂ ਦੇ ਮਾਲਕ ਅਸ਼ੋਕ ਮਿੱਤਲ ‘ਆਪ’ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ।
ਮੁੱਖ ਮੰਤਰੀ ਦੇ ਇਸ ਦਾਅਵੇ ਦੇ ਬਾਵਜੂਦ ਸਰਕਾਰੀ ਅਧਿਕਾਰੀ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਐਲਪੀਯੂ ‘ਤੇ ਮਿਹਰਬਾਨ ਹਨ। ਮੂਲ ਰੂਪ ਤੋਂ ਜਲੰਧਰ ਦੇ ਰਹਿਣ ਵਾਲੇ ਅਸ਼ੋਕ ਮਿੱਤਲ ਦੇ ਐਲਪੀਯੂ ਦੇ ਕੈਂਪਸ ਦਾ ਕੁਝ ਹਿੱਸਾ ਪੰਚਾਇਤੀ ਜ਼ਮੀਨ ‘ਤੇ ਬਣਿਆ ਹੋਇਆ ਹੈ। ਪਿਛਲੇ ਮਹੀਨੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਵੀ ਇਹ ਮੁੱਦਾ ਉਠਿਆ ਸੀ।ਮੰਤਰੀ ਨੇ ਅਧਿਕਾਰੀਆਂ ਨੂੰ ਐਲਪੀਯੂ ਯੂਨੀਵਰਸਿਟੀ ਦੀ ਜ਼ਮੀਨ ਨੂੰ ਵਾਪਸ ਕਰਵਾਉਣ ਦੇ ਹੁਕਮ ਦਿੱਤੇ ਸਨ। ਇਸ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਇਹ ਕਬਜ਼ਾ ਛੁਡਾਉਣ ਦੀ ਹਿੰਮਤ ਨਹੀਂ ਦਿਖਾਈ।
ਜਲੰਧਰ ਦੇ ਜ਼ਿਲ੍ਹਾ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਨੇ ਮੰਨਿਆ ਕਿ ਪੰਚਾਇਤੀ ਜ਼ਮੀਨ ਦੀ ਛੇ ਕਨਾਲ ਤੋਂ ਵੱਧ ਜ਼ਮੀਨ ਐਲਪੀਯੂ ਦੇ ਕਬਜ਼ੇ ਵਿੱਚ ਹੈ। ਇਹ ਜ਼ਮੀਨ ਮਾਫ਼ੀ ਦੀ ਹੈ। ਸੰਨ 1935 ਵਿਚ ਰਿਆਸਤ ਕਾਲ ਵਿਚ ਇਹ ਜ਼ਮੀਨ ਗੁਰੂਘਰ ਨੂੰ ਦਿੱਤੀ ਗਈ ਸੀ। ਸਰਕਾਰੀ ਦਸਤਾਵੇਜ਼ਾਂ ਵਿੱਚ ਇਹ ਜ਼ਮੀਨ ਹਰਦਾਸਪੁਰ ਨਗਰ ਪੰਚਾਇਤ ਦੇ ਨਾਂ ਦਰਜ ਹੈ। ਗੁਰਦੁਆਰਾ ਸਾਹਿਬ ਨੇ LPU ਨੂੰ ਜ਼ਮੀਨ ਅੱਗੇ ਕਿਵੇਂ ਦਿੱਤੀ? ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਕਾਗਜ਼ਾਂ ਵਿੱਚ ਇਹ ਜ਼ਮੀਨ ਹਰਦਾਸਪੁਰ ਨਗਰ ਪੰਚਾਇਤ ਦੀ ਹੀ ਹੈ। ਪੰਚਾਇਤ ਨੂੰ ਵੀ ਸਰਕਾਰ ਵੱਲੋਂ ਜ਼ਮੀਨ ਖਾਲੀ ਕਰਵਾਉਣ ਲਈ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਜਾਰੀ ਕੀਤਾ ਬਿਆਨ, ਕਿਹਾ ਸਾਡੇ ਕਬਜ਼ੇ ’ਚ ਨਹੀਂ ਕੋਈ ਪੰਚਾਇਤੀ ਜ਼ਮੀਨ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਇਕ ਸਪਸ਼ਟੀਕਰਨ ਜਾਰੀ ਕਰ ਕੇ ਕਿਹਾ ਹੈ ਕਿ ਪਿੰਡ ਹਰਦਾਸਪੁਰ ਦੀ 6 ਕਨਾਲ 19 ਮਰਲਾ ਜ਼ਮੀਨ ਜੋ ਸਾਡੇ ਕਬਜ਼ੇ ਹੇਠ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਸਾਡੇ ਕਬਜ਼ੇ ਹੇਠ ਕਦੇ ਵੀ ਨਹੀਂ ਰਹੀ।
ਬਿਆਨ ਵਿਚ ਦੱਸਿਆ ਗਿਆ ਕਿ ਇਹ ਜ਼ਮੀਨ ਸੰਨ 1933 ਤੋਂ ਗੁਰਦੁਆਰਾ ਸਿੰਘ ਸਭਾ ਪਿੰਡ ਹਰਦਾਸਪੁਰ ਦੀ ਹੈ ਤੇ ਸਰਕਾਰੀ ਰਿਕਾਰਡ ਵਿਚ ਵੀ ਇਹ ਦਰਜ ਹੈ ਤੇ ਇਸਦਾ ਕਬਜ਼ਾ ਵੀ ਗੁਰਦੁਆਰਾ ਸਿੰਘ ਸਭਾ ਹਰਦਾਸਪੁਰ ਕੋਲ ਹੈ।
ਯੂਨੀਵਰਸਿਟੀ ਨੇ ਸਪਸ਼ਟ ਕੀਤਾ ਕਿ ਉਸ ਕੋਲ ਜ਼ਮੀਨ ਦਾ ਕਬਜ਼ਾ ਹੋਣ ਦੇ ਦੋਸ਼ ਬੇਬੁਨਿਆਦ ਹਨ।








