ChandigarhJalandharPunjab
JDA ਵੱਲੋਂ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ’ਚ 127 ਪ੍ਰਮੁੱਖ ਜਾਇਦਾਦਾਂ ਦੀ E-ਨਿਲਾਮੀ 15 ਅਗਸਤ ‘ਤੋਂ
ਚਾਹਵਾਨ ਖ਼ਰੀਦਦਾਰ ਅਤੇ ਨਿਵੇਸ਼ਕ ਵਧੇਰੇ ਜਾਣਕਾਰੀ ਤੇ ਸਹਾਇਤਾ ਲਈ ਹੈਲਪਲਾਈਨ ਨੰਬਰ 98038-42910 ‘ਤੇ ਕਰ ਸਕਦੇ ਨੇ ਸੰਪਰਕ : ਜਸਬੀਰ ਸਿੰਘ
ਜਲੰਧਰ, 12 ਅਗਸਤ/ SS CHAHAL
ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਵਸਨੀਕਾਂ ਨੂੰ ਪ੍ਰਮੁੱਖ ਜਾਇਦਾਦਾਂ ਖਰੀਦਣ ਦਾ ਇੱਕ ਹੋਰ ਸੁਨਹਿਰੀ ਮੌਕਾ ਦਿੰਦਿਆਂ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਵੱਲੋਂ 15 ਅਗਸਤ ਤੋਂ ਪ੍ਰਮੁੱਖ ਸਥਾਨਾਂ ‘ਤੇ ਲਗਭਗ 127 ਜਾਇਦਾਦਾਂ ਲਈ ਈ-ਨਿਲਾਮੀ ਸ਼ੁਰੂ ਕੀਤੀ ਜਾ ਰਹੀ ਹੈ।
ਜਲੰਧਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਦੀਪਸ਼ਿਖਾ ਸ਼ਰਮਾ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਾਰਟੀ ਵੱਲੋਂ 15 ਤੋਂ 26 ਅਗਸਤ ਦਰਮਿਆਨ ਵਪਾਰਕ, ਰਿਹਾਇਸ਼ੀ, ਚੰਕ, ਸਕੂਲ ਅਤੇ ਗਰੁੱਪ ਹਾਊਸਿੰਗ ਸਾਈਟਾਂ ਸਮੇਤ ਆਪਣੀਆਂ 127 ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨਿਲਾਮੀ ਵਿੱਚ 81 ਵਪਾਰਕ ਸਾਈਟਾਂ, 43 ਰਿਹਾਇਸ਼ੀ ਸਾਈਟਾਂ ਅਤੇ ਇਕ ਚੰਕ ਸਾਈਟ, ਇਕ ਸਕੂਲ ਸਾਈਟ ਅਤੇ ਇਕ ਗਰੁੱਪ ਹਾਊਸਿੰਗ ਸਾਈਟ ਸ਼ਾਮਲ ਹਨ, ਜੋ ਕਿ ਕਿਫਾਇਤੀ ਕੀਮਤਾਂ ‘ਤੇ ਹਨ।
ਇਨ੍ਹਾਂ ਵਿੱਚੋਂ 59 ਸਾਈਟਾਂ ਜੇ.ਡੀ.ਏ. ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ ਜਦਕਿ ਬਾਕੀ 68 ਪੁੱਡਾ ਦੇ ਅਧਿਕਾਰ ਖੇਤਰ ਵਿੱਚ ਹਨ। ਮੁੱਖ ਪ੍ਰਸ਼ਾਸਕ ਨੇ ਅੱਗੇ ਦੱਸਿਆ ਕਿ ਨਿਲਾਮੀ 15 ਅਗਸਤ ਨੂੰ ਸ਼ੁਰੂ ਹੋਵੇਗੀ ਅਤੇ 26 ਅਗਸਤ, 2022 ਨੂੰ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਖਰੀਦਦਾਰ ਅਤੇ ਨਿਵੇਸ਼ਕ ਇਸ ਸਮੇਂ ਦੀ ਮਿਆਦ ਦੌਰਾਨ ਨਿਲਾਮੀ ਵਿੱਚ ਹਿੱਸਾ ਲੈ ਸਕਦੇ ਹਨ।
ਵਧੀਕ ਮੁੱਖ ਪ੍ਰਸ਼ਾਸਕ ਜਸਬੀਰ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪ੍ਰਮੁੱਖ ਜਾਇਦਾਦਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੈੱਬਸਾਈਟ www.puda.e-auctions.in ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ.ਡੀ.ਏ. ਨੂੰ ਲੋਕਾਂ ਤੋਂ ਭਰਵੇਂ ਹੁੰਗਾਰੇ ਦੀ ਉਮੀਦ ਹੈ ਕਿਉਂਕਿ ਇਹ ਜਾਇਦਾਦਾਂ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਆਸ-ਪਾਸ ਪ੍ਰਮੁੱਖ ਥਾਵਾਂ ‘ਤੇ ਸਥਿਤ ਹਨ। ਸ੍ਰੀ ਸਿੰਘ ਨੇ ਅੱਗੇ ਦੱਸਿਆ ਕਿ ਮਾਰਕੀਟ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਜਾਇਦਾਦਾਂ ਦੀਆਂ ਕੀਮਤਾਂ ਵਾਜਿਬ ਦਰਾਂ ‘ਤੇ ਤੈਅ ਕੀਤੀਆਂ ਗਈਆਂ ਹਨ।
ਉਨ੍ਹਾਂ ਇਹ ਦੱਸਿਆ ਕਿ ਕਿਉਂਜੋ ਵੱਡੀ ਗਿਣਤੀ ਲੋਕਾਂ ਵੱਲੋਂ ਇਨ੍ਹਾਂ ਸਾਈਟਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ ਜਾ ਰਹੀ ਹੈ, ਇਸ ਲਈ ਅਥਾਰਟੀ ਵੱਲੋਂ ਮਹੱਤਵਪੂਰਨ ਕਦਮ ਚੁੱਕਦਿਆਂ ਇੱਕ ਹੈਲਪਲਾਈਨ ਨੰਬਰ 98038-42910 ਸਥਾਪਤ ਕੀਤਾ ਗਿਆ ਹੈ, ਜਿੱਥੇ ਈ-ਨਿਲਾਮੀ ਲਈ ਅਪਲਾਈ ਕਰਨ ਲਈ ਕੋਈ ਵੀ ਚਾਹਵਾਨ ਵਿਅਕਤੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਸੰਪਰਕ ਕਰ ਸਕਦਾ ਹੈ। ਹੈਲਪਲਾਈਨ ਨੰਬਰ ‘ਤੇ ਤਾਇਨਾਤ ਅਧਿਕਾਰੀ/ਕਰਮਚਾਰੀ ਲੋਕਾਂ ਦੀ ਸਹੂਲਤ ਲਈ ਵਚਨਬੱਧ ਹਨ।









