
ਲੁਧਿਆਣਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਆਏ ਰਿਟਾਇਰਡ ਫੌਜੀ ਖੁਦ ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ ਇਹ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਨੂੰ ਅੱਗ ਲਾ ਰਹੇ ਸਨ ਪਰ ਇਸ ਦੌਰਾਨ ਖੁਦ ਇਕ ਰਿਟਾਇਰਡ ਫੌਜੀ ਅੱਗ ਦੀ ਲਪੇਟ ‘ਚ ਆ ਗਿਆ। ਮੌਕੇ ‘ਤੇ ਮੌਜੂਦ ਉਸਦੇ ਸਾਥੀਆਂ ਨੇ ਤੁਰੰਤ ਅੱਗ ਬੁਝਾ ਦਿੱਤੀ, ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਸਾਬਕਾ ਸੈਨਿਕ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਪੁੱਜੇ ਸਨ।
ਜਾਣਕਾਰੀ ਦਿੰਦੇ ਹੋਏ ਸੇਵਾਮੁਕਤ ਕਰਨਲ ਐਚ.ਐਸ.ਕਾਹਲੋਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਜੀਓਜੀ ਗਾਰਡੀਅਨ ਆਫ਼ ਗਵਰਨੈਂਸ ਸਕੀਮ ਚਲਾਈ ਗਈ ਸੀ, ਜਿਸ ਵਿੱਚ ਸਾਬਕਾ ਸੈਨਿਕਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ। ਸਾਬਕਾ ਫੌਜੀ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਉਹ ਸਰਕਾਰ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਬਾਰੇ ਵੀ ਦੱਸਦੇ ਸਨ। ਇਸ ‘ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਤਰਾਜ਼ਯੋਗ ਸ਼ਬਦ ਬੋਲ ਕੇ ਨਾ ਸਿਰਫ ਜੀਓ ਜੀ ਨੂੰ ਗਲਤ ਦੱਸਿਆ ਹੈ ਸਗੋਂ ਸਾਬਕਾ ਫੌਜੀਆਂ ਦਾ ਅਪਮਾਨ ਵੀ ਕੀਤਾ ਹੈ।