
ਟੈਕਸਾਸ ਵਿਚ ਇਕ 12 ਸਾਲਾਂ ਦੀ ਨਬਾਲਗ ਲੜਕੀ ਜਿਸ ਨੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਗੋਲੀ ਮਾਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਸੀ, ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਪਾਰਕਰ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਜਾਰੀ ਕੀਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਉੱਤਰ ਪੱਛਮੀ ਪਾਰਕਰ ਕਾਊਂਟੀ ਵਿਚ ਵੈਦਰਫੋਰਡ, ਟੈਕਸਾਸ ਵਿਚ ਵਾਪਰੀ ਸੀ।
ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਲੜਕੀ ਆਪਣੇ ਪਿਤਾ ਨੂੰ ਗੋਲੀ ਮਾਰਨ ਉਪਰੰਤ ਘਟਨਾ ਸਥਾਨ ਤੋਂ ਦੌੜ ਗਈ ਸੀ ਤੇ ਬਾਅਦ ਵਿਚ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁੱਸ਼ੀ ਕਰਨ ਦਾ ਯਤਨ ਕੀਤਾ। ਜ਼ਖਮੀ ਹਾਲਤ ਵਿਚ ਮਿਲੀ ਲੜਕੀ ਦੇ ਹੇਠੋਂ ਹੈਂਡਗੰਨ ਬਰਾਮਦ ਹੋਈ ਸੀ। ਪੋਸਟ ਮਾਰਟਮ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੜਕੀ ਦੇ ਸਿਰ ਵਿਚ ਵੱਜੀ ਗੋਲੀ ਉਸ ਦੀ ਮੌਤ ਦਾ ਕਾਰਨ ਬਣੀ ਹੈ।