
ਵੋਟਰ ਸੂਚੀ ਦੀ ਸੁਧਾਈ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਵੀ ਲਿਆ ਜਾਇਜ਼ਾ
ਜ਼ਿਲ੍ਹੇ ’ਚ ਹੁਣ ਤੱਕ 10,91,402 ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡਾਂ ਜੋੜੇ
ਜਲੰਧਰ, ਐਚ ਐਸ ਚਾਵਲਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰਪਾਲ ਸਿੰਘ ਬਾਜਵਾ ਨੇ ਵੀਰਵਾਰ ਨੂੰ ਵੋਟਰ ਸੂਚੀ ਦੀ ਸੁਧਾਈ ਦੇ ਨਾਲ-ਨਾਲ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਇਸ ਮਹੱਤਵਪੂਰਨ ਤੇ ਮਿਤੀਬੱਧ ਕਾਰਜਾਂ ’ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਸਮੇਤ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 10,91,402 ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਹਲਕਾਵਾਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਦੇ 1,44,320 ਵੋਟਰਾਂ, ਨਕੋਦਰ ਦੇ 1,49,308, ਸ਼ਾਹਕੋਟ ਦੇ 1,21,773, ਕਰਤਾਰਪੁਰ ਦੇ 1,33,048, ਜਲੰਧਰ ਪੱਛਮੀ ਦੇ 1,20,850, ਜਲੰਧਰ ਕੇਂਦਰੀ ਦੇ 88,099, ਜਲੰਧਰ ਉੱਤਰੀ ਦੇ 1,10,673, ਜਲੰਧਰ ਕੈਂਟ ਦੇ 1,15,660 ਅਤੇ ਆਦਮਪੁਰ ਹਲਕੇ ਦੇ 1,07,671 ਵੋਟਰਾਂ ਦੇ ਵੋਟਰ ਕਾਰਡ ਅਧਾਰ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਉਨ੍ਹਾਂ ਈ.ਆਰ.ਓਜ਼ ਨੂੰ ਵਿਸ਼ੇਸ਼ ਤਵਜੋਂ ਦਿੰਦਿਆਂ ਇਸ ਕੰਮ ਦੀ ਨਿਗਰਾਨੀ ਕਰਨ ਅਤੇ ਘੱਟ ਪ੍ਰਗਤੀ ਵਾਲੇ ਸੁਪਰਵਾਈਜ਼ਰ/ਬੀ.ਐਲ.ਓਜ਼ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਲਈ ਕਿਹਾ ਤਾਂ ਜੋ ਇਹ ਕੰਮ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸਮੇਂ ਦੇ ਅੰਦਰ ਮੁਕੰਮਲ ਕੀਤਾ ਜਾ ਸਕੇ।
ਜ਼ਿਲ੍ਹੇ ਵਿੱਚ ਵੋਟਰ ਸੂਚੀ ਦੀ ਸੁਧਾਈ ਦੇ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਈ.ਆਰ.ਓਜ਼ ਨੂੰ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਈ.ਆਰ.ਓ. ਨੈਟ ਵਿੱਚ ਪੈਂਡਿੰਗ ਫਾਰਮ 6, 6-ਏ, 7,8 ਦਾ ਨਾਲੋ ਨਾਲ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵੋਟਰਾਂ ਨੂੰ ਵੋਟਰ ਫੋਟੋ ਸ਼ਨਾਖਤੀ ਕਾਰਡ (EPIC) ਸਮੇਂ ਸਿਰ ਸਪੀਡ ਪੋਸਟ ਰਾਹੀਂ ਭੇਜੇ ਜਾ ਸਕਣ।ਇਸ ਮੌਕੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ/ਹਲਕਾ ਇੰਚਾਰਜ, ਚੋਣ ਤਹਿਸੀਲਦਾਰ ਸੁਖਦੇਵ ਸਿੰਘ ਅਤੇ ਸਮੂਹ ਚੋਣ ਕਾਨੂੰਨਗੋ ਮੌਜੂਦ ਸਨ।