Jalandhar

CPF ਕਰਮਚਾਰੀ ਯੂਨੀਅਨ ਵਲੋਂ ਪੰਜਾਬ ਸਰਕਾਰ ਖਿਲਾਫ ਗੁਜਰਾਤ ‘ਚ ਪੋਲ ਖੋਲ੍ਹ ਰੈਲੀ ਕਰਨ ਦਾ ਐਲਾਨ

ਜੇਕਰ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਨਾ ਕੀਤਾ ਜਾਰੀ ਤਾਂ 26 ਨਵੰਬਰ ਨੂੰ ਅਹਿਮਦਾਬਾਦ ’ਚ ਕਰਾਂਗੇ ਪੋਲ-ਖੋਲ੍ਹ ਰੈਲੀ : ਸੁਖਜੀਤ ਸਿੰਘ 
ਜਲੰਧਰ, 16 ਨਵੰਬਰ* (SS CHAHAL)-
ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਸ ਵਜੋਂ ਸੀ. ਪੀ. ਐਫ. ਕਰਮਚਾਰੀ ਯੂਨੀਅਨ ਵਲੋਂ 26 ਨਵੰਬਰ ਨੂੰ ਗੁਜਰਾਤ ਵਿਚ ਪੰਜਾਬ ਸਰਕਾਰ ਖਿਲਾਫ ਪੋਲ ਖੋਲ੍ਹ ਰੈਲੀ ਕੀਤੀ ਜਾਵੇਗੀ। ਇਸੇ ਤਹਿਤ ਯੂਨੀਅਨ ਦੀ ਵੱਲੋਂ ਉਲੀਕੇ ਗਏ ਐਕਸ਼ਨ ਤਹਿਤ ਡਿਪਟੀ ਕਮਿਸ਼ਨਰ, ਜਲੰਧਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਰੋਸ ਪੱਤਰ ਤਹਿਸੀਲਦਾਰ ਪ੍ਰਦੀਪ ਕੁਮਾਰ ਵੱਲੋ ਪ੍ਰਾਪਤ ਕੀਤਾ ਗਿਆ। ਪ੍ਰਸ਼ਾਸ਼ਨ ਨੂੰ ਰੋਸ ਪੱਤਰ ਸੁਖਜੀਤ ਸਿੰਘ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਦਿੱਤਾ ਗਿਆ।
ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਹੀ ਕੀਤਾ ਹੈ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ 18 ਨਵੰਬਰ ਦੀ  ਕੈਬਨਿਟ ਮੀਟਿੰਗ ਵਿਚ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ 26 ਨਵੰਬਰ ਨੂੰ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਗੁਜਰਾਤ ਵਿਚ ਜਾ ਕੇ ਪੰਜਾਬ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਣਗੇ ਤੇ ਉਥੇ ਜਾ ਕੇ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਵਿਰੋਧ ਕਰਕੇ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਵਿਰੁੱਧ ਕਰਕੇ ਜਿੱਤ ਪ੍ਰਾਪਤ ਨਹੀਂ ਕਰ ਸਕਦੀ। ਇਸ ਦੀ ਤਾਜ਼ਾ ਉਦਾਹਰਨ 2022 ਵਿਚ ਹੋਈਆਂ ਪੰਜਾਬ ਚੋਣਾਂ ਹਨ, ਜਿਸ ਵਿਚ ਕਰਮਚਾਰੀਆਂ ਨੇ ਕਾਂਗਰਸ ਸਰਕਾਰ ਡੱਟ ਕੇ ਵਿਰੋਧ ਕੀਤਾ ਸੀ, ਜਿਸ ਦੇ ਸਿੱਟੇ ਵਜੋਂ ਹੀ ‘ਆਪ’ ਨੂੰ ਮੌਕਾ ਮਿਲਿਆ।
ਇਸ ਮੌਕੇ ਤੇਜਿੰਦਰ ਸਿੰਘ ਨੰਗਲ, ਅਮਨਦੀਪ ਸਿੰਘ, ਸਲੂਜਾ ਜੀ, ਕਿਰਪਾਲ ਸਿੰਘ, ਜਸਵਿੰਦਰ ਸਿੰਘ ਸਰੋਏ, ਸੁਸੀਲ ਕੁਮਾਰ ਰਿੰਕੂ, ਰਜਤ ਮਹਾਜਨ, ਜੋਰਾਵਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਪੰਕਜ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

Back to top button