
NDTV ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ। ਰਵੀਸ਼ ਕੁਮਾਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਪ੍ਰੋਗਰਾਮਾਂ ਨੂੰ ਹੋਸਟ ਕੀਤਾ ਜਿਨ੍ਹਾਂ ਵਿਚ ‘ਹਮ ਲੋਕ’, ‘ਰਵੀਸ਼ ਦੀ ਰਿਪੋਰਟ’, ‘ਦੇਸ਼ ਕੀ ਬਾਤ’ ਤੇ ‘ਪ੍ਰਾਈਮ ਟਾਈਮ’ ਸ਼ਾਮਲ ਹੈ। ਰਵੀਸ਼ ਕੁਮਾਰ ਨੂੰ ਦੋ ਵਾਰ ਪੱਤਰਕਾਰੀ ਵਿੱਚ ਯੋਗਦਾਨ ਲਈ ਰਾਮਨਾਥ ਗੋਇਨਕਾ ਐਕਸੀਲੈਂਸ ਅਵਾਰਡ ਅਤੇ 2019 ਵਿੱਚ ਰੈਮਨ ਮੈਗਸੇਸੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਰਵੀਸ਼ ਦੇ ਅਸਤੀਫੇ ਤੋਂ ਬਾਅਦ, ਐਨਡੀਟੀਵੀ ਗਰੁੱਪ ਦੇ ਪ੍ਰਧਾਨ ਸੁਪਰਨਾ ਸਿੰਘ ਨੇ ਕਿਹਾ, “ਇੱਥੇ ਬਹੁਤ ਘੱਟ ਪੱਤਰਕਾਰ ਹਨ ਜੋ ਰਵੀਸ਼ ਜਿੰਨਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਉਨ੍ਹਾਂ ਬਾਰੇ ਲੋਕਾਂ ਦੀ ਪ੍ਰਤੀਕਿਰਿਆ ਵਿਚ ਦਿਖਦਾ ਹੈ। ਸੁਪਰਨਾ ਨੇ ਕਿਹਾ ਕਿ ਰਵੀਸ਼ ਦਹਾਕਿਆਂ ਤੋਂ ਐਨਡੀਟੀਵੀ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਉਸ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ, ਅਤੇ ਅਸੀਂ ਜਾਣਦੇ ਹਾਂ ਕਿ ਉਹ ਆਪਣੀ ਨਵੀਂ ਪਾਰੀ ਵਿੱਚ ਬਹੁਤ ਸਫਲ ਹੋਣਗੇ।
ਇਸ ਤੋਂ ਪਹਿਲਾਂ ਰੌੲੇ ਦੰਪਤੀ ਨੇ ਪ੍ਰੋਮੋਟਰ ਗਰੁੱਪ ਆਰਆਰਪੀਆਰ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਅਸਤੀਫੇ ਦੇ ਦਿੱਤੇ ਸਨ। ਰੌਏ ਦੰਪਤੀ ਨੇ ਪ੍ਰੋਮੋਟਰ ਫਰਮ ‘ਤੇ ਅਡਾਨੀ ਗਰੁੱਪ ਦੇ ਮੁਕੰਮਲ ਕਬਜ਼ੇ ਮਗਰੋਂ ਅਸਤੀਫ਼ੇ ਦਿੱਤੇ ਹਨ, ਜਿਸ ਨੂੰ ਐੱਨਡੀਟੀਵੀ ਦੇ ਨਵੇਂ ਬੋਰਡ ਨੇ ਫੌਰੀ ਮਨਜ਼ੂਰ ਵੀ ਕਰ ਲਿਆ। ਆਰਆਰਪੀਆਰ, ਜਿਸ ‘ਤੇ ਹੁਣ ਅਡਾਨੀ ਗਰੁੱਪ ਦਾ ਕਬਜ਼ਾ ਹੈ, ਦੀ ਨਿਊਜ਼ ਚੈਨਲ ਵਿੱਚ 29.18 ਫੀਸਦ ਦੀ ਹਿੱਸੇਦਾਰੀ ਹੈ। ਰੌਏ ਦੰਪਤੀ ਕੋਲ ਐੱਨਡੀਟੀਵੀ ਦੇ ਪ੍ਰੋਮੋਟਰਾਂ ਵਜੋਂ ਅਜੇ ਵੀ 32.26 ਫੀਸਦ ਦੀ ਹਿੱਸੇਦਾਰੀ ਹੈ ਤੇ ਉਨ੍ਹਾਂ ਖ਼ਬਰ ਚੈਨਲ ਦੇ ਬੋਰਡ ਤੋਂ ਅਸਤੀਫਾ ਨਹੀਂ ਦਿੱਤਾ।