
ਬਹਿਬਲ ਕਲਾਂ ‘ਚ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਪ੍ਰਭਦੀਪ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਉਨ੍ਹਾਂ ਦੇ ਪਿਤਾ ਦੀ ਹੋਈ ਮੌਤ ਦਾ ਇਨਸਾਫ ਨਾ ਮਿਲਣ ‘ਤੇ ਨੌਕਰੀ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਕਾਬਲੇਗੌਰ ਹੈ ਕਿ ਉਨ੍ਹਾਂ ਨੂੰ ਇਹ ਨੌਕਰੀ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਅਧਾਰ ‘ਤੇ ਮਿਲੀ ਸੀ। ਉਨ੍ਹਾਂ ਦਾ ਕਹਿਣਾ ਕਿ ਤਿੰਨ ਤਿੰਨ ਸਰਕਾਰਾਂ ਦੇ ਬਦਲ ਤੇ ਲੰਬਾ ਸਮਾਂ ਬੀਤ ਜਾਣ ਮਗਰੋਂ ਵੀ ਉਨ੍ਹਾਂ ਦੇ ਪਿਤਾ ਦੇ ਕਾਤਲਾਂ ਨੂੰ ਹੁਣ ਤੱਕ ਸਜ਼ਾ ਨਹੀਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਕਿ ਇਨਸਾਫ ਤੋਂ ਬਿਨਾਂ ਇਹ ਨੌਕਰੀਆਂ ਤੋਂ ਕੀ ਲੈਣਾ ਹੈ।
ਆਪਣੇ ਅਸਤੀਫ਼ੇ ‘ਚ ਉਨ੍ਹਾਂ ਲਿਖਿਆ ਕਿ, “ਮੈਂ ਪ੍ਰਭਦੀਪ ਸਿੰਘ ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ। ਮੈਂਨੂੰ ਇਹ ਨੌਕਰੀ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਰਕਾਰ ਵੱਲੋਂ ਤਰਸ ਦੇ ਅਧਾਰ ਤੇ ਦਿੱਤੀ ਗਈ ਸੀ ਨੌਕਰੀ ਨਾਲ ਇਹ ਵੀ ਕਿਹਾ ਗਿਆ ਸੀ ਕਿ ਨੌਕਰੀ ਦੇ ਨਾਲ ਨਾਲ ਤੁਹਾਡੇ ਪਿਤਾ ਜੀ ਦੇ ਕਾਤਲਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਅਤੇ 3 ਸਰਕਾਰਾਂ ਦੇ ਬਦਲਣ ਦੇ ਬਾਅਦ ਵੀ ਕਿਸੇ ਵੀ ਸਰਕਾਰ ਵੱਲੋਂ ਓਹਨਾਂ ਦੋਸ਼ੀਆਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨਸਾਫ਼ ਤੋਂ ਬਿਨਾਂ ਇਹਨਾਂ ਨੌਕਰੀਆਂ ਤੋਂ ਕੀ ਲੈਣਾ, ਜਿਸ ਦੇ ਰੋਸ ਵਜੋਂ ਮੈਂ ਆਪਣੇ ਇਸ ਸਰਕਾਰੀ ਕੰਮ ਤੋਂ ਅਸਤੀਫ਼ਾ ਦਿੰਦਾ ਹਾਂ।”