
ਦਿਹਾਤੀ ਤੇ ਸ਼ਹਿਰੀ ਟੀਮਾਂ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਸਮਰੱਥ : ਜਸਪ੍ਰੀਤ ਸਿੰਘ
ਕਿਹਾ- ਸਿੰਥੈਟਿਕ/ਪਲਾਸਟਿਕ ਦੀ ਪਰਤ ਚੜ੍ਹੀ ਚਾਇਨਾ ਡੋਰ ਮਨੁੱਖਾਂ ਤੇ ਪੰਛੀਆਂ ਲਈ ਹਾਨੀਕਾਰਕ
ਜਲੰਧਰ, ਐਚ ਐਸ ਚਾਵਲਾ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵਲੋਂ ਘਾਤਕ ਚਾਇਨਾ ਡੋਰ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਚਾਇਨਾ ਡੋਰ ਦੀ ਵਿਕਰੀ ਦੀ ਰੋਕਥਾਮ ਲਈ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਹਾਤੀ ਖੇਤਰਾਂ ਵਿੱਚ ਸਬੰਧਿਤ ਐਸ.ਡੀ.ਐਮਜ਼ ਕਮੇਟੀ ਮੈਂਬਰਾਂ ਜਿਵੇਂ ਕਿ ਡੀ.ਐਸ.ਪੀਜ਼, ਤਹਿਸੀਲਦਾਰ/ਨਾਇਬ ਤਹਿਸੀਲਦਾਰ, ਮਿਊਂਸੀਪਲ ਕੌਂਸਲ ਦੇ ਕਾਰਜਕਾਰੀ ਅਫ਼ਸਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਈ.ਈ./ ਐਸ.ਡੀ.ਓ. ਦੇ ਨਾਲ ਟੀਮ ਦੀ ਅਗਵਾਈ ਕਰਨਗੇ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਸ਼ਹਿਰੀ ਖੇਤਰ ਵਿੱਚ ਸੁਪਰਡੰਟ ਤਹਿਬਜ਼ਾਰੀ, ਸਬੰਧਿਤ ਏ.ਸੀ.ਪੀਜ਼, ਤਹਿਸੀਲਦਾਰ/ਨਾਇਬ ਤਹਿਸੀਲਦਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਈ.ਈ./ ਐਸ.ਡੀ.ਓ. ਦੇ ਨਾਲ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਬਜ਼ਾਰਾਂ ਵਿੱਚ ਚਾਇਨਾ ਡੋਰ ਦੀ ਵਿਕਰੀ ਦੀ ਚੈਕਿੰਗ ਅਤੇ ਜੇਕਰ ਕੋਈ ਅਜਿਹੀ ਘਾਤਕ ਡੋਰ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਅਧਿਕਾਰਤ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਚਾਇਨਾ ਡੋਰ ਨੂੰ ਸਟੋਰ ਕਰਨ, ਵੇਚਣ ਅਤੇ ਇਸ ਦੀ ਵਰਤੋਂ ਕਰਨ ’ਤੇ ਪਾਬੰਦੀ ਸਬੰਧੀ ਧਾਰਾ 144 ਤਹਿਤ 14 ਨਵੰਬਰ 2022 ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੰਥੈਟਿਕ/ਪਲਾਸਟਿਕ ਦੀ ਪਰਤ ਚੜ੍ਹੀ ਇਹ ਚਾਇਨਾ ਡੋਰ ਨਾ ਸਿਰਫ਼ ਮਨੁੱਖਾਂ ਲਈ ਸਗੋਂ ਪੰਛੀਆਂ ਲਈ ਵੀ ਬਹੁਤ ਘਾਤਕ ਹੈ ਅਤੇ ਪਿਛਲੇ ਸਮੇਂ ਦੌਰਾਨ ਗੰਭੀਰ ਸੱਟਾਂ ਦੀਆਂ ਕਾਫ਼ੀ ਰਿਪੋਰਟ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।