PunjabPolitics

CM ਮਾਨ ਦਾ ਇਹ ਮਾਣ ਜਾਂ ਅਪਮਾਨ !

ਮਾਨ ਦਾ ਮਾਣ ਜਾਂ ਅਪਮਾਨ
ਜਸਬੀਰ ਸਿੰਘ ਪੱਟੀ 9356024684
ਕਿਸੇ ਵੀ ਬਹੁਚਿਤ ਪ੍ਰਾਜੈਕਟ, ਸਮਾਗਮ ਜਾਂ ਵਿਸ਼ੇ ਬਾਰੇ ਅਨਿਸਚਤਾ ਬਣ ਜਾਵੇ ਤਾਂ ਫਿਰ ਉਸ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਇਸ ਨਾਲ ਸਰਕਾਰ ਹੀ ਨਹੀਂ ਸਗੋਂ ਸਰਕਾਰ ਦੇ ਮੁੱਖੀ ਦੀ ਕਾਬਲੀਅਤ ਤੇ ਲਿਆਕਤ ਤੇ ਵੀ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ।ਕੌਮਾਂਤਰੀ ਪੱਧਰ ਦਾ ਵੱਖ ਵੱਖ ਪਹਿਲੂਆਂ ਤੇ ਸਿੱਖਾਂ ਦੀ ਰਾਜਧਾਨੀ ਅੰਮ੍ਰਿਤਸਰ ਹੋਣ ਵਾਲਾ ਸਮਾਗਮ ਜੀ-20 ਬਾਰੇ ਵੀ ਅਜਿਹੇ ਹਾਲਾਤ ਹੀ ਪੈਦਾ ਹੋਏ ਪਏ ਹਨ।ਅੰਮ੍ਰਿਤਸਰ ਵਿਖੇ ਸਿੱਖਾਂ ਦੀ ਸਰਵ ੳੱਚ ਵਿਿਦਅਕ ਸੰਸਥਾ ਖਾਲਸਾ ਕਾਲਜ ਜਿਥੇ ਬਕਾਇਦਾ ਤੌਰ ‘ਤੇ ਇਹ ਇਤਿਹਾਸਕ ਸਮਾਗਮ ਹੋ ਰਿਹਾ ਹੈ ਉਸ ਦੇ ਪ੍ਰਿੰਸੀਪਲ ਮਹਿਲ ਸਿੰਘ ਜੋ ਸਮਾਗਮ ਦੇ ਪ੍ਰਬੰਧਾ ਨੂੰ ਵੇਖ ਰਹੇ ਹਨ ਨੂੰ ਸਮਾਗਮ ਦੇ ਕੋਆਰਡੀਨੇਟਰ ਪੁਸ਼ਪਿੰਦਰ ਸਿੰਘ ਦਾ ਫੋਨ ਆਉਦਾ ਹੈ ਕਿ ਉਹਨਾਂ ਨੂੰ ਅਫਸੋਸ ਨਾਲ ਜਾਣਕਾਰੀ ਦੇਣੀ ਪੈ ਰਹੀ ਹੈ ਕਿ ਜੀ-20 ਸਮਾਗਮ ਜਿਹੜਾ ਖਾਲਸਾ ਕਾਲਜ ਵਿੱਚ 15 ਮਾਰਚ ਤੋਂ ਸ਼ੁਰੂ ਹੋਣਾ ਸੀ ਉਸ ਨੂੰ ਦਿੱਲੀ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।ਹੁਣ ਇਹ ਸਮਾਗਮ ਅੰਮ੍ਰਿਤਸਰ ਵਿੱਚ ਨਹੀਂ ਹੋਵੇਗਾ। ਇੱਕ ਯੂ ਟਿਊਬਰ ਨੇ ਆਪਣੀ ਟੀ ਆਰ ਪੀ ਵਧਾਉਣ ਲਈ ਤੁਰੰਤ ਇਹ ਖਬਰ ਬੜੀ ਮੁਸ਼ਤੈਦੀ ਨਾਲ ਦਿੱਤੀ ਤੇ ਇਸ ਯੂ ਟਿਊਬਰ ਦਾ ਐਮ ਡੀ ਦੂਰ ਦਰਸ਼ਨ ਤੇ ਭਲਿਆ ਵੇਲਿਆ ਵਿੱਚ ਕੰਮ ਕਰਦਾ ਐਂਕਰ ਰਿਹਾ ਹੈ ਤੇ ਸਰੋਤਿਆ ਤੇ ਦਰਸ਼ਕਾਂ ‘ਤੇ ਇਸ ਤਰ੍ਹਾਂ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਕਰਦਾ ਹੈ ਜਿਵੇਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਮੁੱਖ ਸਕੱਤਰ ਵੀ ਕੇ ਜੰਜੂਆਂ ਨੂੰ ਆਪਣੀ ਜੇਬ ਵਿੱਚ ਪਾਇਆ ਹੋਵੇ।ਇਹ ਖਬਰ ਨਸ਼ਰ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਵੀ ਕੇ ਜੰਜੂਆਂ ਨੂੰ ਇੱਕ ਪ੍ਰੈਸ ਨੋਟ ਜਾਰੀ ਕਰਕੇ ਸੂਚਨਾ ਦੇਣੀ ਪਈ ਕਿ ਇਹ ਸੂਚਨਾ ਪੂਰੀ ਤਰ੍ਹਾਂ ਅਧੂਰੀ ਤੇ ਨਿਰਮੂਲ ਹੈ, ਇਹ ਸਮਾਗਮ ਅੰਮ੍ਰਿਤਸਰ ਵਿੱਚ ਹੀ ਹੋਵੇਗਾ।ਦਿੱਲੀ ਤੋਂ ਪੰਜਾਬ ਕੋਟੇ ਦੇ ਰਾਜ ਸਭਾ ਮੈਂਬਰ ਤੇ ਅਮੀਰ ਸਿੱਖ ਬਿਕਰਮਜੀਤ ਸਿੰਘ ਸਾਹਨੀ ਨੇ ਮੀਡੀਆਂ ਜਾਣਕਾਰੀ ਵਿਸ਼ੇਸ਼ ਤੌਰ ‘ਤੇ ਦਿੱਤੀ ਕਿ ਉਹਨਾਂ ਦੀ ਕੇਂਦਰੀ ਮੰਤਰੀ ਤੇ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਸਮਾਗਮ ਅੰਮ੍ਰਿਤਸਰ ਵਿੱਚ ਹੀ ਹੋਵੇਗਾ।
ਇਹ ਸਮਾਗਮ ਭਾਰਤ ਵਿੱਚ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ ਕਿਉਕਿ ਇਸ ਵਾਰੀ ਜੀ-20 ਦੇਸ਼ਾਂ ਦੀ ਪ੍ਰਧਾਨਗੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕਰ ਰਹੇ ਹਨ ਜਿਸ ਨਾਲ ਭਾਰਤ ਦਾ ਕੱਦ ਬੁੱਤ ਹੋਰ ਵੀ ਵੱਧ ਜਾਂਦਾ ਹੈ।ਪੰਜਾਬ ਭਾਜਪਾ ਤੇ ਕਾਂਗਰਸ ਦੇ ਆਗੂ ਵੀ ਇਹ ਹੀ ਚਾਹੁੰਦੇ ਹਨ ਕਿ ਇਹ ਸਮਾਗਮ ਪੰਜਾਬ ਵਿੱਚ ਨਾ ਹੋਵੇ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੌਮਾਂਤਰੀ ਪੱਧਰ ਦੀਆਂ ਸੁਰਖੀਆਂ ਨਾ ਬਟੋਰ ਸਕੇ।ਬਹਾਨਾ ਇਹ ਹੀ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਮਨ ਕਨੂੰਨ ਵਿਵਸਥਾ ਦੀ ਹਾਲਤ ਠੀਕ ਨਹੀਂ ਹੈ।ਗੈਂਗਸਟਰਾਂ ਦਾ ਬੋਲਬਾਲਾ ਹੈ ਤੇ ਹਰ ਰੋਜ਼ ਸੂਬੇ ਦੇ ਵੱਖ ਵੱਖ ਇਲਾਕਿਆ ਵਿੱਚ ਗੋਲਾਬਾਰੀ ਤੇ ਕਤਲ ਹੋ ਰਹੇ ਹਨ ਤੇ ਡਾਕੇ ਪੈ ਰਹੇ ਹਨ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੁਝ ਵੀ ਹੋੋਵੇ ਸਮਾਗਮ ਪੰਜਾਬ ਵਿੱਚ ਹੀ ਹੋਵੇਗਾ।ਮੁੱਖ ਮੰਤਰੀ ਵਿਸ਼ੇਸ਼ ਤੌਰ ‘ਤੇ ਆਪਣੇ ਉੱਡਣ ਖਟੋਲੇ ਰਾਹੀ ਅੰਮ੍ਰਿਤਸਰ ਆ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਦੋ ਵਾਰੀ ਲਏ ਚੁੱਕੇ ਹਨ।ਸੰਭਵ ਹੈ ਕਿ ਭਗਵੰਤ ਮਾਨ ਦਾ ਦਾਅਵਾ ਪੂਰੀ ਤਰ੍ਹਾਂ ਸਹੀ ਹੋਵੇ ਪਰ ਫਿਰ ਵੀ ਸਮਾਗਮ ਬਾਰੇ ਅਨਿਸਚਤਾ ਹਾਲੇ ਵੀ ਬਣੀ ਹੋਈ ਹੈ ਕਿਉਕਿ ਕੇਂਦਰ ਦੀ ਭਾਜਪਾ ਸਰਕਾਰ ਐਨ ਮੌਕੇ ‘ਤੇ ਵੀ ਸਮਾਗਮ ਰੱਦ ਕਰਨ ਬਾਰੇ ਕੋਈ ਫੈਸਲਾ ਲੈ ਕੇ ਸਭ ਨੂੰ ਹੈਰਾਨ ਵੀ ਕਰ ਸਕਦੀ ਹੈ।
ਨੈਸ਼ਨਲ ਕਰਾਇਮ ਬਿਊਰੌ ਦੀ ਰਿਪੋਰਟ ਮੁੁਤਾਬਕ ਭਾਵੇ ਪੰਜਾਬ ਦਾ ਅਮਨ ਕਨੂੰਨ ਵਿਵਸਥਾ ਨੂੰ ਲੈ ਕੇ 17 ਵਾਂ ਨੰਬਰ ਹੈ ਤੇ ਪੰਜਾਬ ਪੁਲੀਸ ਦੇ ਡੀ ਜੀ ਪੀ ਗੌਰਵ ਯਾਦਵ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਹੇਠਾਂ ਹਨ ਤੇ ਕਿਸੇ ਵੀ ਮਾੜੇ ਅਨਸਰ,ਖਾਲਿਸਤਾਨੀ ਜਾਂ ਸ਼ਰਾਰਤੀ ਜਾਂ ਫਿਰ ਉਹਨਾਂ ਦੇ ਗੁਰਗਿਆਂ ਨੂੰ ਕਿਸੇ ਵੀ ਸੂਰਤ ਵਿੱਚ ਪਨਪਨ ਨਹੀਂ ਦਿੱਤਾ ਜਾਵੇਗਾ।ਭਾਰਤ ਪਾਕਿਸਤਾਨ ਦੀ ਵੰਡ ਵੇਲੇ ਜਿਹੜੇ ਲੋਕ ਜੇਲਾਂ ਵਿਚ ਬੰਦ ਸਨ ਉਹ ਪੂਰੀ ਤਰ੍ਹਾਂ ਸੁਰੱਖਿਆ ਰਹੇ ਜਦ ਕਿ ਬਾਹਰ ਤਾਂ ਜਿਸ ਤਰੀਕੇ ਨਾਲ ਕਤਲੋਗਰਦ ਹੋਈ ਉਹ ਦਾ ਸੀਨ ਕਾਫੀ ਦਰਦਨਾਕ ਹੈ ਜਿਸਦੀਆਂ ਚੀਸਾਂ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਿਕਲਦੀਆ ਹਨ।
ਪੰਜਾਬ ਵਿੱਚ ਜੇਲ੍ਹਾਂ ਸਭ ਤੋ ਸੁਰੱੋਖਿਅਤ ਮੰਨੀਆਂ ਜਾਂਦੀਆ ਹਨ ਜਿਥੇ ਕਿਸੇ ਨੂੰ ਕੋਈ ਖਤਰਾ ਨਹੀਂ ਹੁੰਦਾ ਪਰ ਅੱਜ ਤਾਂ ਪੰਜਾਬ ਦੀਆਂ ਹੀ ਨਹੀਂ ਸਗੋਂ ਦੇਸ਼ ਦੀਆਂ ਜੇਲ੍ਹਾਂ ਵਿੱਚ ਵੀ ਕੋਈ ਸੁਰੱਖਿਅਤ ਨਹੀ ਤੇ ਗੈਂਗਸਟਰ ਇੱਕ ਦੂਜੇ ਗੈਂਗ ਦੇ ਜੇਲ੍ਹਾਂ ਵਿੱਚ ਹੀ ਕਤਲ ਕਰੀ ਜਾ ਰਹੇ ਹਨ ਤੇ ਜੇਲ੍ਹ ਪ੍ਰਸ਼ਾਸ਼ਨ ਲਾਚਾਰ ਬਣਿਆ ਹੋਇਆ ਹੈ।ਜੇਲ੍ਹ ਵਿੱਚ ਕੋਈ ਗੁੰਡਾਗਰਦੀ ਦੀ ਇਹ ਪਹਿਲੀ ਘਟਨਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਵਾਪਦੀਆ ਰਹੀਆਂ ਹਨ ਪਰ ਜਿਸ ਤਰੀਕੇ ਨਾਲ ਅਖਬਾਰਾਂ ਤੇ ਯੂ ਟਿਊਬਰਾਂ ਵੱਲੋਂ ਪ੍ਰਚਾਰਆਿ ਜਾ ਰਿਹਾ ਹੈ ਉਸ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਜ਼ਰੂਰ ਪੈਦਾ ਹੁੰਦਾ ਹੈ।ਪੁਲੀਸ ਵੱਲੋਂ ਹਰ ਸ਼ਹਿਰ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ ਤੇ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਮਾਮੂਲੀ ਘਟਨਾਵਾਂ ਤੋਂ ਲੈ ਕੇ ਲੋਕਾਂ ਨੂੰ ਭੈਭੀਤ ਨਹੀਂ ਹੋਣਾ ਦਾ ਪਾਠ ਪੜਾਇਆ ਜਾ ਰਿਹਾ ਹੈ, ਪਰ ਲੋਕ ਸਹਿਮ ਦੇ ਛਾਏ ਹੇਠ ਹਨ ਅਤੇ ਘਟਨਾਵਾਂ ਰੁਕਣ ਦਾ ਨਾਂ ਨਹੀ ਲੈ ਰਹੀਆਂ।
ਜੇਲ੍ਹਾਂ ਵਿੱਚ ਹੋ ਰਹੀਆਂ ਵਾਰਦਾਤਾਂ , ਹਰ ਰੋਜ਼ ਫਿਲਮੀ ਤਰਜ਼ ‘ਤੇ ਲੁੱਟੇ ਜਾ ਰਹੇ ਬੈਂਕ ਤੇ ਅਮੀਰਾਂ ਘਰਾਂ ਵਿੱਚ ਦਾਖਲ ਹੋ ਕੇ ਲੁਟੇਰਿਆਂ ਵੱਲ ਿਲੁੱਟਮਾਰ ਦੀਆਂ ਘਟਨਾਵਾਂ ਵਾਪਰਨੀਆਂ ਆਮ ਲੋਕਾਂ ਵਿੱਚ ਸਹਿਮ ਹੀ ਨਹੀਂ ਸਗੋਂ ਡਰ ਵੀ ਪੈਦਾ ਕਰਦੀਆ ਹਨ।ਇਹੋ ਜਿਹੇ ਮਾਹੌਲ ਵਿੱਚ ਅੰਮ੍ਰਿਤਸਰ ਵਿੱਚ ਜੀ -20 ਸਮਾਗਮ ਕਰਵਾਉਣਾ ਸਰਕਾਰ ਦੇ ਵਿਵੇਕ ਦਾ ਸਵਾਲ ਹੈ।ਪਿਛਲੇ ਦਿਨੀ ਭਗਵੰਤ ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ। ਵੈਸੇ ਤਾਂ ਇਸ ਮੁਲਾਕਾਤ ਵਿੱਚ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੋਵੇਗੀ ਪਰ ਜੀ-20 ਨੂੰ ਲੈ ਕੇ ਵੀ ਜ਼ਰੂਰ ਚਰਚਾ ਹੋਈ ਹੋਵੇਗੀ ਕਿਉਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਪੂਰੀ ਤਰ੍ਹਾਂ ਦ੍ਰਿੜ ਇਰਾਦੇ ਵਿੱਚ ਹਨ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਮਾਨ ਨੂੰ ਉਮੀਦ ਹੀ ਨਹੀਂ ਸਗੋਂ ਪੱਕਾ ਯਕੀਨ ਵੀ ਹੈ ਕਿ ਜੀ-20 ਦਾ ਇਹ ਸਮਾਗਮ ਅੰਮ੍ਰਿਤਸਰ ਵਿੱਚ ਹੀ ਹੋਵੇਗਾ।
ਇਸ ਸਮਾਗਮ ਨੂੰ ਰੱਦ ਕਰਾਉਣ ਲਈ ਹੁਣ ਕੌਮੀ ਇਨਸਾਫ ਮੋਰਚਾ ਤੇ ਕਿਸਾਨ ਜਥੇਬੰਦੀਆਂ ਦਾ ਵੀ ਮੋਢਾ ਵਰਤਿਆ ਜਾ ਰਿਹਾ ਹੈ ਕਿਉਕਿ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ 15 ਮਾਰਚ ਨੂੰ ਸਮਾਗਮ ਦੇ ਸ਼ੁਰੂ ਹੁੰਦਿਆ ਹੀ ਸਮਾਗਮ ਸਥਾਨ ਦੇ ਬਾਹਰ ਧਰਨਾ ਦੇਣਗੇ ਤੇ ਮੰਗ ਕਰਨਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ ਤੇ ਕਿਸਾਨੀ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਵਾਨ ਕੀਤਾ ਜਾਵੇ।ਇਥੇ ਹੀ ਬੱਸ ਨਹੀਂ ਸਿੱਖ ਫਾਰ ਜਸਟਿਸ ਵਾਲੇ ਦੇ ਮੁੱਖੀ ਗੁਰਪਤਵੰਤ ਸਿੰਘ ਪਨੂੰ ਨੇ ਗੁਜਰਾਤ ਦੇ ਅਹਿਮਦਾਬਾਦ ਸਟੇਡੀਅਮ ਹੋ ਰਹੇ ਕੌਮਾਂਤਰੀ ਕ੍ਰਿਕਟ ਮੈਚ ਨੂੰ ਲੈ ਕੇ ਗੁਜਰਾਤੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਮੈਚ ਵੇਖਣ ਨਾ ਜਾਣ ਉਹਨਾਂ ਦੇ ਗੁਰਗੇ ਕੁਝ ਵੀ ਕਰ ਸਕਦੇ ਹਨ। ਭਾਂਵੇ ਗੁਜਰਾਤੀਆਂ ਨੇ ਪਨੂੰ ਦੀ ਇਸ ਗਿੱਦੜ ਭਬਕੀ ਦੀ ਕੋਈ ਪਰਵਾਹ ਨਹੀ ਕੀਤੀ ਪਰ ਇਸੇ ਤਰ੍ਹਾਂ ਦੀ ਗਿੱਦੜ ਭਬਕੀ ਇਸ ਸਮਾਗਮ ਸਬੰਧੀ ਵੀ ਪਨੂੰ ਵੱਲੋ ਦਿੱਤੀ ਜਾ ਸਕਦੀ ਹੈ।ਇਸ ਦਾ ਅਸਰ ਵੀ ਕੇਂਦਰ ਸਰਕਾਰ ਤੇ ਪੈ ਸਕਦਾ ਹੈ।
ਇਸ ਸਮਾਗਮ ‘ਤੇ ਇਸ ਕਰਕੇ ਵੀ ਰੋਕ ਲੱਗ ਸਕਦੀ ਹੈ ਕਿਉਕਿ ਪ੍ਰਧਾਨ ਮੰਤਰੀ ਸਾਹਿਬ ਦਾ ਪਿਛਲੇ ਸਾਲ ਵਾਪਰੀ ਘਟਨਾ ਦਾ ਵੀ ਅਸਰ ਪੈ ਸਕਦਾ ਹੈ ਜਦੋਂ ਪ੍ਰਧਾਨ ਮੰਤਰੀ ਇੱਕ ਸਮਾਗਮ ਨੂੰ ਸੰਬੋਧਨ ਕਰਨ ਲਈ 5 ਮਈ 2022 ਫਿਰੋਜਪੁਰ ਵਿਖੇ ਆਏ ਤਾਂ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ। ਮੌਸਮ ਦੀ ਖਰਾਬੀ ਕਾਰਨ ਉਹਨਾਂ ਹੈਲੀਕਾਪਟਰ ਦੀ ਬਜਾਏ ਕਾਰ ਰਾਹੀ ਜਾਣ ਦਾ ਫੈਸਲਾ ਕਰ ਲਿਆ ਤੇ ਸਮਾਗਮ ਵਾਲੇ ਸਥਾਨ ਤੋ 15 ਕਿਲੋਮੀਟਰ ਪਹਿਲਾਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਕਿਸਾਨ ਉਹਨਾਂ ਦਾ ਰਸਤਾ ਰੋਕ ਕੇ ਬੈਠੇ ਹਨ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਰਸਤੇ ਵਿੱਚੋਂ ਹੀ ਵਾਪਸ ਮੁੜਨਾ ਪਿਆ ਸੀ ਤੇ ਜਾਂਦੇ ਹੋਏ ਇੱਕ ਅਧਿਕਾਰੀ ਨੂੰ ਪ੍ਰਧਾਨ ਮੰਤਰੀ ਇਹ ਕਹਿ ਗਏ ਕਿ, “ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਉ ਕਿ ਮੈਂ ਬਚ ਕੇ ਜਾ ਰਿਹਾ ਹਾਂ।” ਜਵਾਬ ਵਿੱਚ ਮੁੱਖ ਮੰਤਰੀ ਚੰਨੀ ਸਾਹਿਬ ਨੇ ਕਿਹਾ ਸੀ ਕਿ ਉਹ ਕਿਸਾਨਾਂ ‘ਤੇ ਕਿਸੇ ਵੀ ਸੂਰਤ ਵਿੱਚ ਲਾਠੀਚਾਰਜ ਨਹੀਂ ਕਰ ਸਕਦੇ। ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਵਾਲਿਆਂ ਨੇ ਕਿਹਾ ਕਿ ਉਹ ਅੰਮ੍ਰਿਤਸਰ ਵਿਖੇ ਜਾ ਕੇ ਜੀ-20 ਸਮਾਗਮ ਦਾ ਵਿਰੋਧ ਕਰਨਗੇ ਵੀ ਪ੍ਰਧਾਨ ਮੰਤਰੀ ਦੇ ਦੌਰੇ ਵਾਂਗ ਰੱਦ ਹੋ ਸਕਦਾ ਹੈ।ਸੁਰੱਖਿਆ ਏਜੰਸੀਆ ਵੀ ਚਿੰਤੁਤ ਹਨ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਖਤਰਾ ਪੈਦਾ ਹੋ ਸਕਦਾ ਹੈ ਤਾਂ ਫਿਰ ਜੀ- 20 ਦੇਸ਼ਾਂ ਦੇ ਮੁੱਖੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ।ਕੇਂਦਰ ਸਰਕਾਰ ਇੱਕ ਫੀਸਦੀ ਵੀ ਖਤਰਾ ਮੁੱਲ ਨਹੀ ਲਵੇਗੀ।
ਭਾਂਵੇ ਪਿਛਲੀਆਂ ਘਟਨਾਵਾਂ ਨੂੰ ਮੁੱਖ ਰੱਖਦਿਆ ਜਿਥੇ ਸਮਾਗਮ ਬਾਰੇ ਹਾਲੇ ਵੀ ਅਨਿਸਚਤਾ ਬਣੀ ਹੋਈ ਹੈ ਪਰ ਰੱਬ ਕਰੇ ਭਗਵੰਤ ਮਾਨ ਦੀ ਕੋਸ਼ਿਸ਼ਾਂ ਨੂੰ ਬੂਰ ਪਵੇ  ਤੇ ਇਹ ਸਮਾਗਮ ਗੁਰੂਆਂ, ਪੀਰਾਂ, ਪੈਗੰਬਰਾ, ਰਿਸ਼ੀਆਂ ਮੁੰਨੀਆ, ਭਗਤਾ ਤੇ ਜਰਨੈਲ਼ਾ ਦੀ ਇਸ ਅੰਮ੍ਰਿਤਸਰ ਦੀ ਧਰਤੀ ‘ਤੇ ਹੀ ਹੋਵੇ।ਸਮਾਗਮ ਨੂੰ ਯਕੀਨੀ ਬਣਾਉਣ ਲਈ ਵਿਰੋਧੀ ਧਿਰਾਂ ਨੂੰ ਸਿਰਫ ਸਿਆਸੀ ਵਿਰੋਧ ਕਾਰਨ ਹੀ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਇਸ ਦੀ ਭਾਵਕਤਾ ਤੇ ਭੁਮਿਕਾ ਨੂੰ ਸਮੜਣਾ ਚਾਹੀਦਾ ਹੈ ਕਿਉਕਿ ਇਹ ਇਤਿਹਾਸਕ ਧਰਤੀ ਤੇ ਇਤਿਹਾਸਕ ਸਮਾਗਮ ਹੋਵੇਗਾ। ਜਿਹੜੇ ਲੋਕ ਅੰਮ੍ਰਿਤਸਰ ਆਉਣਗੇ ਅਮੁਮਨ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੀ ਜਾਣਗੇ ਜਿਸ ਨਾਲ ਉਹਨਾਂ ਨੂੰ ਅੰਮ੍ਰਿਤਸਰ ਦੀ ਮਹੱਤਤਾ ਬਾਰੇ ਪਤਾ ਲੱਗੇਗਾ ਤੇ ਅੰਮ੍ਰਿਤਸਰ ਦੇ ਨਾਲ ਨਾਲ ਪੰਜਾਬ ਦੀ ਆਨ ਤੇ ਸ਼ਾਨ ਵਿੱਚ ਕੌਮਾਂਤਰੀ ਪੱਧਰ ‘ਤੇ ਵਾਧਾ ਵੀ ਹੋਵੇਗਾ। ਪੰਜਾਬ ਦਾ ਬੁਰਾ ਸੋਚਣ ਵਾਲੇ ਕਈ ਅਖੌਤੀ ਖਾਲਿਸਤਾਨੀ ਤੇ ਸ਼ਰਾਰਤੀ ਅਨਸਰ ਵੀ ਇਸ ਸਮਾਗਮ ਵਿੱਚ ਖੱਲਲ ਪਾਉਣ ਦੀ ਕੋਸ਼ਿਸ਼ ਜਰੂਰ ਕਰਨਗੇ ਜਿਹਨਾਂ ਤੇ ਬਾਜ਼ ਆਖ ਸਾਡੀਆਂ ਗੁਪਤਚਰ ਏਜੰਸੀਆਂ ਤੇ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਨੂੰ ਰੱਖਣੀ ਪਵੇਗੀ।ਜੇਕਰ ਇਹ ਸਮਾਗਮ ਪੰਜਾਬ ਦੀ ਧਰਤੀ ਅੰਮ੍ਰਿਤਸਰ ਵਿਖੇ  ਕਰਵਾਉਣ ਵਿੱਚ ਭਗਵੰਤ ਮਾਨ ਦੀ ਸਰਕਾਰ ਕਾਮਯਾਬ ਹੋ ਜਾਂਦੀ ਹੈ ਤਾਂ ਇਸ ਨਾਲ ਮਾਨ ਦਾ ਮਾਣ ਵਧੇਗਾ ਤੇ ਜੇਕਰ ਅਸਫਲ ਹੰੁਦੀ ਤਾਂ ਮਾਨ ਦਾ ਅਪਮਾਨ ਹੀ ਮੰਨਿਆ ਜਾਵੇਗਾ। ਰੱਬ ਖੈਰ ਕਰੇ!  

Leave a Reply

Your email address will not be published. Required fields are marked *

Back to top button