
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਪਤਨ ਦਾ ਮੁੱਢ ਬੰਨ੍ਹਿਆ ਜਾਵੇਗਾ : ਰਾਜਾ ਵੜਿੰਗ
ਜਲੰਧਰ (SS Chahal) : ਅੱਜ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰਿਵਾਲੀਆ ਦੀ ਅਗਵਾਈ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ‘ਤੇ ਪੁੱਜੇ ਉੱਥੇ ਵੱਖ ਆਗੂ ਜਿਹਨਾ ‘ਚ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਾਕ ਸਾਂਸਦ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਮਾਲਤੀ ਥਾਪਰ ਆਦਿ ਹਾਜਰ ਸਨ। ਇਸ ਮੌਕੇ ਬੋਲਦਿਆਂ ਪ੍ਰਧਾਨ ਰਾਜਾ ਵੜਿੰਗ ਨੇ ਪਾਰਟੀ ਵਰਕਰਾਂ ‘ਚ ਜੋਸ਼ ਭਰਿਆ ਪਿੰਡਾਂ ਤੇ ਬੂਥਾਂ ‘ਚ ਡੱਟਣ ਲਈ ਪ੍ਰੇਰਿਤ ਕੀਤਾ

ਉਹਨਾ ਕਿਹਾ ਕਿ ਜਲੰਧਰ ਜਿਮਨੀ ਚੋਣ ਫੈਂਸਲਾਕੁੰਨ ਲੜਾਈ ਹੈ ਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਪਤਨ ਦਾ ਮੁੱਢ ਬੰਨ੍ਹਿਆ ਜਾਵੇਗਾ ਕਿਉਂਕਿ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਹਿਣੀ ਦੇ ਕਰਨੀ ‘ਚ ਬਹੁਤ ਫਰਕ ਹੈ, ਇਸ ਸਰਕਾਰ ਦਾ ਕੰਮ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣਾ ਹੈ, ਜਦੋੰ ਕਿ ਜਮੀਨੀ ਹਕੀਕਤ ‘ਤੇ ਲੋਕ ਸਰਕਾਰ ਤੋਂ ਦੁਖੀ ਹਨ। ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਦੇ ਗੱਲ ਆਦਮੀ ਨੂੰ ਅੱਗੇ ਲਿਆਉਣ ਦੀ ਗੱਲ ਕਰਦੀ ਸੀ ਜਦੋਂ ਸਮਾਂ ਆਇਆ ਵਿਧਾਨ ਸਭਾ ਅੱਧ ਤੋਂ ਵੱਧ ਕਾਂਗਰਸੀ ਇਕੱਠੇ ਕਰਨੇ ਪਏ, ਜਦੋਂ ਰਾਜ ਸਭਾ ਦੀਆਂ ਮੈਂਬਰੀਆਂ ਦੇਣੀਆਂ ਸਨ ਉਸ ਸਮੇਂ ਵੀ ਵੱਡੇ ਵਪਾਰੀ ਯਾਦ ਆਏ ਵਲੰਟੀਅਰ ਖੂੰਜੇ ਲਗਾ ਦਿੱਤੇ, ਅੱਜ ਜਦੋਂ ਜਲੰਧਰ ਜਿਮਨੀ ਚੋਣ ਹੋ ਰਹੀ ਹੈ ਤਾਂ ਇੱਕ ਸਾਲ ਸਰਕਾਰ ਚਲਾਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ
ਉਮੀਦਵਾਰ ਨਹੀਂ ਲੱਭਿਆ, ਇਹ ਸੱਚਾਈ ਹੈ ਆਮ ਆਦਮੀ ਪਾਰਟੀ ਦੀ। ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਝੂਠ ਦੇ ਸਹਾਰੇ ਚੱਲਦੀਆਂ ਸਰਕਾਰਾਂ ਲੋਕਾਂ ਦਾ ਭਲਾ ਨਹੀੰ ਕਰ ਸਕਦੀਆਂ, ਇਸ ਲਈ ਅੱਜ ਲੋੜ ਹੈ ਝੂਠ ਦੀਆਂ ਨੀਹਾਂ ‘ਤੇ ਖੜ੍ਹੀ ਸਰਕਾਰ ਨੂੰ ਸਬਕ ਸਿਖਾਈਏ ਤੇ ਜਲੰਧਰ ਜਿਮਨੀ ਚੋਣ ਤੋੰ ਕਾਂਗਰਸ ਪਾਰਟੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਜਿਤਾਈਏ।









