
ਅਸੀਂ ਬੜੇ ਭਾਗਾਂ ਵਾਲੇ ਹਾਂ, ਜੋ ਸਾਨੂੰ ਪੰਜ ਪਿਆਰਿਆਂ ਦੇ ਪਰਿਵਾਰ ‘ਚੋਂ ਮਿਲਿਆ ਅਸ਼ੀਰਵਾਦ : ਵਿਜੇ ਰੁਪਾਨੀ
ਪੰਜ ਪਿਆਰਿਆਂ ਦੇ ਵੰਸ਼ਜਾਂ ਨੇ ਭਾਜਪਾ ਉਮੀਦਵਾਰ ਅਟਵਾਲ ਨੂੰ ਦਿੱਤਾ ਅਸ਼ੀਰਵਾਦI
ਜਲੰਧਰ : ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਪੰਜ ਪਿਆਰਿਆਂ ਦੇ ਪਰਿਵਾਰ ਵਿੱਚੋਂ ਭਾਈ ਧਰਮ ਸਿੰਘ ਜੀ ਦੇ ਵੰਸ਼ਜ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਦੇ ਵੰਸ਼ਜ ਭਾਈ ਨੌਨਿਹਾਲ ਸਿੰਘ ਜੀ ਭਾਜਪਾ ਦੇ ਜਲੰਧਰ ਲੋਕ ਸਭਾ ਹਲਕਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਅਸ਼ੀਰਵਾਦ ਦੇਣ ਲਈ ਅੱਜ ਜਲੰਧਰ ਪੁੱਜੇ। ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਭਾਜਪਾ ਪੰਜਾਬ ਦੇ ਪ੍ਰਭਾਰੀ ਅਤੇ ਸਾਬਕਾ ਮੁਖਮੰਤਰੀ ਗੁਜਰਾਤ ਵਿਜਯ ਰੁਪਾਨੀ ਸਮੇਤ ਹਾਜਰ ਸਾਰੇ ਆਗੂਆਂ ਨੇ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਨੌਨਿਹਾਲ ਸਿੰਘ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਾਰੀਆਂ ਨੇ ਮਿਲ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀI
ਭਾਈ ਗੁਰਪ੍ਰੀਤ ਸਿੰਘ ਤੇ ਭਾਈ ਨੌਨਿਹਾਲ ਸਿੰਘ ਨੇ ਇਸ ਮੌਕੇ ਸਿੱਖ ਭਾਈਚਾਰੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਕੰਮਾਂ ਦੀ ਸ਼ਿਲਾਘਾ ਕਰਦੇ ਹੋਏ ਕਿਹਾ ਕਿ ਉਹ ਪ੍ਰਧਾਨਮੰਤਰੀ ਮੋਦੀ ਵਲੋਂ ਸਿਖ ਕੌਮ ਲਈ ਕੀਤੇ ਗਏ ਕੰਮਾਂ ਤੋ ਬਹੁਤ ਪ੍ਰਭਾਵਿਤ ਹਨ ਅਤੇ ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦੀ ਹਨ।
ਵਿਜੇ ਰੁਪਾਨੀ ਨੇ ਇਸ ਮੌਕੇ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਪੰਜ ਪਿਆਰਿਆਂ ਦੇ ਪਰਿਵਾਰ ਵਿੱਚੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਪਰਮਾਤਮਾ ਕਿਰਪਾ ਕਰੇਗਾ ਅਤੇ ਭਾਜਪਾ ਪੰਜਾਬ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗੀ ਤੇ ਜਲੰਧਰ ਲੋਕ ਸਭਾ ਹਲਕੇ ਤੋ ਸਾਡਾ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗਾ।
ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਇਸ ਮੌਕੇ ਤੇ ਬੋਲਦਿਆ ਅਸ਼ੀਰਵਾਦ ਦੇਣ ਲਈ ਪੁੱਜੇ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਨੌਨਿਹਾਲ ਸਿੰਘ ਜੀ ਦਾ ਕੋਟਿ ਕੋਟਿ ਧੰਨਵਾਦ ਕੀਤਾ ਤੇ ਵਿਸਵਾਸ਼ ਦਵਾਇਆ ਕਿ ਉਹ ਹਲਕੇ ਦੇ ਲੋਕਾਂ ਦੀ ਦਿਨ ਰਾਤ ਸੇਵਾ ਕਰਨਗੇ।
ਇਸ ਮੌਕੇ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਲੋਕਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਪਰਮਿੰਦਰ ਸਿੰਘ ਢੀਡਸਾ ਆਦਿ ਹਾਜ਼ਰ ਸਨ।








