ਇਨ੍ਹਾਂ ਵੱਡੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਸੀਟ; ਆਪਣੇ ਉਮੀਦਵਾਰਾਂ ਲਈ ਝੋਕੀ ਤਾਕਤ

ਜਲੰਧਰ/ ਐਸ ਐਸ ਚਾਹਲ
ਜਲੰਧਰ ਜ਼ਿਮਨੀ ਚੋਣ ਹੁਣ ਵੱਕਾਰ ਦਾ ਸਵਾਲ ਬਣ ਗਈ ਹੈ। 4 ਵੱਡੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ’ਤੇ ਵੱਡੇ ਵੱਡੇ ਦਾਅ ਖੇਡੇ ਜਾ ਰਹੇ ਹਨ। ਖੈਰ ਹੁਣ ਜਲੰਧਰ ਦੀ ਜਨਤਾ ਦਾ ਫੈਸਲਾ ਕੀ ਹੁੰਦਾ ਹੈ ਇਹ ਆਉਣ ਵਾਲੀ 13 ਮਈ ਦੱਸੇਗੀ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਆਪਣੇ ਆਖਰੀ ਪੜਾਅ ‘ਤੇ ਹੈ। ਸੂਬੇ ਦੀ ਸਾਰੀਆਂ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਹਨ।
ਵਿਰੋਧੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਮ ਆਦਮੀ ਪਾਰਟੀ ਦੀਆਂ ਖਾਮੀਆਂ ਗਿਣਵਾ ਰਹੀਆਂ ਹਨ। ਵਿਰੋਧੀਆਂ ਪਾਰਟੀਆਂ ਨੂੰ ਲੱਗਦਾ ਹੈ ਕਿ ਕਾਨੂੰਨ ਵਿਵਸਥਾ ਨੂੰ ਸੰਭਾਲਣ ‘ਚ ਅਸਫਲਤਾ ਅਤੇ ਸਰਕਾਰ ਚਲਾਉਣ ‘ਚ ਅਸਮਰੱਥਾ ਦੇ ਦੋਸ਼ ‘ਚ ਵੋਟਰ ਉਨ੍ਹਾਂ ਨੂੰ ਵੋਟ ਦੇਣਗੇ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਲੰਧਰ ਲੋਕ ਸਭਾ ਸੀਟ ‘ਤੇ ਦਲਿਤ ਵੋਟਰਾਂ ਦਾ ਜਿਆਦਾ ਦਬਦਬਾ ਹੈ। ਜਲੰਧਰ ਲੋਕ ਸਭਾ ਸੀਟ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ ‘ਤੇ 16 ਲੱਖ 21 ਹਜ਼ਾਰ ਤੋਂ ਵੱਧ ਵੋਟਰ ਹਨ। ਇਹਨਾਂ ਵਿੱਚੋਂ 42% ਦਲਿਤ ਭਾਈਚਾਰੇ ਦੇ ਹਨ, ਜੋ ਰਵਿਦਾਸੀਆ ਅਤੇ ਰਾਮਦਾਸੀਆ ਸਮੇਤ ਆਦਿ ਧਰਮੀ ਭਾਈਚਾਰੇ ਵਿੱਚੋਂ ਆਉਂਦੇ ਹਨ। ਇਸ ਕਾਰਨ ਇੱਥੇ ਵਿਧਾਨ ਸਭਾ ਦੀਆਂ 9 ਵਿੱਚੋਂ 4 ਸੀਟਾਂ ਰਾਖਵੀਆਂ ਹਨ।
ਜਲੰਧਰ ਲੋਕ ਸਭਾ ਉਪ ਚੋਣ ਲਈ ਕਾਗਜ਼ ਦਾਖਲ ਕਰਨ ਦੀ ਆਖਰੀ ਮਿਤੀ 20 ਅਪ੍ਰੈਲ ਸੀ। ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।