
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (28 ਮਈ) ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਇਸ ਦੌਰਾਨ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਸਮਰਥਨ ‘ਚ ਅੱਜ ਨਵੇਂ ਸੰਸਦ ਭਵਨ ਦੇ ਬਾਹਰ ਖਾਪ ਪੰਚਾਇਤ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਮਾਗਮ ਵਿੱਚ ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂ ਪੁੱਜਣਗੇ। ਦਰਅਸਲ, ਪ੍ਰਦਰਸ਼ਨ ਕਰ ਰਹੇ ਪਹਿਲਵਾਨ ਭਾਜਪਾ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਸ਼ਨੀਵਾਰ (27 ਮਈ) ਦੇਰ ਰਾਤ ਪਹਿਲਵਾਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਸਰਕਾਰ ਸਾਡੇ ‘ਤੇ ਮਹਾਂਪੰਚਾਇਤ ਨਾ ਕਰਵਾਉਣ ਲਈ ਦਬਾਅ ਪਾ ਰਹੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਦਬਾਅ ਹੇਠ ਨਹੀਂ ਆਵਾਂਗੇ।
ਇਸ ਦੌਰਾਨ ਪਹਿਲਵਾਨ ਵਿਨੇਸ਼ ਫੋਗਾਟ ਨੇ ਦੱਸਿਆ ਕਿ ਐਤਵਾਰ ਨੂੰ ਮਹਿਲਾ ਸਨਮਾਨ ਮਹਾਪੰਚਾਇਤ ਜ਼ਰੂਰ ਹੋਵੇਗੀ। ਪੁਲਿਸ ਨੇ ਪੂਰੀ ਦਿੱਲੀ ਵਿੱਚ ਗਸ਼ਤ ਕੀਤੀ ਹੋਈ ਹੈ ਪਰ ਅਸੀਂ ਸਾਰਿਆਂ ਨੂੰ ਮਹਿਲਾ ਸਨਮਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ