
ਗੁਰਦੁਆਰਾ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਵਿਖੇ ਚੱਲ ਰਿਹਾ 72ਵਾਂ ਸਾਲਾਨਾ ਜੋੜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ । ਇਲਾਕਾ ਵਾਸੀਆਂ, ਦੇਸ਼-ਵਿਦੇਸ਼ ਦੀ ਸੰਗਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਰਿਸੀਵਰ ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਸੰਘਾ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋੜ ਮੇਲੇ ਦੌਰਾਨ ਖੇਡ ਮੁਕਾਬਲੇ, ਫ੍ਰੀ ਮੈਡੀਕਲ ਜਾਂਚ ਕੈਂਪ ਤੇ ਖੂਨਦਾਨ ਕੈਂਪ ਲਾਇਆ ਗਿਆ। ਜੋੜ ਮੇਲੇ ਦੇ ਤੀਜੇ ਤੇ ਆਖਰੀ ਦਿਨ ਕੜਕਦੀ ਗਰਮੀ ਦੇ ਬਾਵਜੂਦ ਸ਼ਰਧਾ ਦੇ ਸਾਗਰ ‘ਚ ਸਰਾਬੋਰ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਗੁਰੂਘਰ ਵਿਖੇ ਪਹੁੰਚ ਕੇ ਨਤਮਸਤਕ ਹੋਏ ਤੇ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ। ਇਲਾਕੇ ਭਰ ਤੋਂ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਤੇ ਨੌਜਵਾਨ ਸੇਵਾਦਾਰਾਂ ਵੱਲੋਂ ਗੁਰੂ ਘਰ ਆਈ ਸੰਗਤ ਲਈ ਠੰਢੇ ਮਿੱਠੇ ਜਲ ਦੀ ਛਬੀਲਾਂ, ਕੋਲਡ ਡਰਿੰਕ, ਆਈਸ ਕ੍ਰੀਮ ਤੇ ਭਾਂਤ-ਭਾਂਤ ਦੇ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ ।

ਇਸ ਮੌਕੇ ਰਿਸੀਵਰ ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਸੰਘਾ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਗੋਦ ‘ਚ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ, ਜਿਸ ‘ਚ ਭਾਈ ਮਨਵੀਰ ਸਿੰਘ ਪਹੁਵਿੰਡ, ਬੀਬੀ ਜਸਵੀਰ ਕੌਰ ਜੱਸ, ਗਿਆਨੀ ਮਹਿਲ ਸਿੰਘ ਚੰਡੀਗੜ੍ਹ ਵਾਲੇ , ਭਾਈ ਬਲਬੀਰ ਸਿੰਘ ਪਾਰਸ ਤੇ ਬਲਬੀਰ ਸਿੰਘ ਪਾਰਸ ਵੱਲੋਂ ਸਿੱਖ ਪੰਥ ਦੇ ਮਹਾਨ ਸੂਰਬੀਰ ਯੋਧਿਆਂ ਦੀ ਵਾਰਾਂ ਸਰਵਣ ਕਰਵਾਈਆਂ ਗਈਆਂ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਕਥਾ, ਕੀਰਤਨ ਕਰਦੇ ਹੋਏ ਹਜਾਰਾਂ ਦੀ ਗਿਣਤੀ ਚ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ । ਇਸ ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਉਘੇ ਵਿਦਵਾਨ ਭਾਈ ਹਰਵਿੰਦਰ ਸਿੰਘ ਵੀਰ ਵੱਲੋਂ ਕੀਤਾ ਗਿਆ।
ਸ਼ਹੀਦੀ ਜੋੜ ਮੇਲੇ ਦੀ ਸਫ਼ਲਤਾ ‘ਚ ਯੋਗਦਾਨ ਪਾਉਣ ਵਾਲੀਆਂ ਸਮੂਹ ਸੰਗਤਾਂ, ਸੇਵਾਦਾਰਾਂ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ
ਗੁਰੂਘਰ ਦੇ ਰਿਸੀਵਰ ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਸੰਘਾ, ਗੁਰੂ ਘਰ ਦੇ ਮੈਨੇਜਰ ਭਾਈ ਬਲਜੀਤ ਸਿੰਘ, ਭਾਈ ਹਰਪ੍ਰਰੀਤ ਸਿੰਘ ਤੇ ਹੈੱਡ ਗੰ੍ਥੀ ਭਾਈ ਮਨਜੀਤ ਸਿੰਘ ਵੱਲੋਂ ਸ਼ਹੀਦੀ ਜੋੜ ਮੇਲੇ ਦੀ ਸਫ਼ਲਤਾ ‘ਚ ਯੋਗਦਾਨ ਪਾਉਣ ਵਾਲੀਆਂ ਸਮੂਹ ਸੰਗਤਾਂ, ਨੌਜਵਾਨ ਸੇਵਾਦਾਰਾਂ ਤੇ ਪੁਲਿਸ ਪ੍ਰਸ਼ਾਸਨ ਦਾ ਤਿੰਨ ਦਿਨ ਤੱਕ ਲਗਾਤਾਰ ਸੇਵਾਵਾਂ ਨਿਭਾਉਣ ਲਈ ਧੰਨਵਾਦ ਕੀਤਾ ਗਿਆ।
ਰਿਸੀਵਰ ਓਂਕਾਰ ਸਿੰਘ ਸੰਘਾ ਨੇ ਕਿਹਾ ਕਿ ਸਮਾਗਮ ਦੀ ਸਫ਼ਲਤਾ ਤੇ ਸੁਚੱਜੇ ਪ੍ਰਬੰਧਨ ਲਈ ਸਮੂਹ ਸੇਵਾਦਾਰਾਂ ਨੇ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਥਾਈਂ ਬਣਾਈ ਪਾਰਕਿੰਗ ਸੁਵਿਧਾ ‘ਚ, ਲੰਗਰ ਸੇਵਾ ‘ਚ, ਗੁਰੂ ਘਰ ਆਈਆਂ ਸੰਗਤਾਂ ਲਈ ਵੱਖ-ਵੱਖ ਥਾਈਂ ਭਾਂਤ-ਭਾਂਤ ਦੇ ਲੰਗਰ ਲਾ ਕੇ ਕੀਤੀ ਗਈ ਨਿਸਵਾਰਥ ਸੇਵਾ ਸ਼ਲਾਘਾਯੋਗ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਗੁਰੂ ਘਰ ਦੇ ਮੈਨੇਜਰ ਭਾਈ ਬਲਜੀਤ ਸਿੰਘ ਨੇ ਸ਼ਹੀਦੀ ਜੋੜ ਮੇਲੇ ਦੌਰਾਨ ਫ੍ਰੀ ਮੈਡੀਕਲ ਜਾਂਚ ਕੈਂਪ ਤੇ ਖੂਨਦਾਨ ਕੈਂਪ ‘ਚ ਸੇਵਾਵਾਂ ਨਿਭਾਉਣ ਵਾਲੇ ਸਮੂਹ ਹਸਪਤਾਲ ਸਟਾਫ ਤੇ ਨੌਜਵਾਨ ਸੇਵਾਦਾਰਾਂ ਦਾ ਧੰਨਵਾਦ ਕੀਤਾ।









