ਮਣੀਪੁਰ ਵਿੱਚ ਪਿਛਲੇ ਦਿਨਾਂ ਵਿੱਚ ਔਰਤਾਂ ਨਾਲ ਹੋਈ ਅਸ਼ਲੀਲਤਾ ਦੇਸ਼ ਲਈ ਸ਼ਰਮ ਵਾਲੀ ਗੱਲ ਹੈ। ਇਸ ਘਟਨਾ ਨੂੰ ਲੈ ਕੇ ਦੇਸ਼ ਭਰ ‘ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਜਿਸ ਕਰਕੇ ਪੰਜਾਬੀ ਭਾਈਚਾਰਾ ਵੀ ਮਨੀਪੁਰ ‘ਚ ਵਾਪਰੀ ਘਟਨਾ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਸ ਰੈਲੀਆਂ ਕੱਢ ਰਹੇ ਹਨ।
ਜਿਸ ਕਰਕੇ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਨੇ ਗੁਰਦਾਸਪੁਰ ਅੰਦਰ ਇਕੱਠ ਕਰਕੇ 9 ਅਗਸਤ ਨੂੰ ਪੰਜਾਬ ਬੰਦ (Punjab Bandh) ਕਰਨ ਦਾ ਫੈਸਲਾ ਕੀਤਾ ਹੈ। ਗੁਰਦਾਸਪੁਰ ਵਿਖੇ ਹੋਈ ਮੀਟਿੰਗ ‘ਚ 9 ਅਗਸਤ (9 August ) ਪੰਜਾਬ ਬੰਦ ਦੀ ਕਾਲ ਦਾ ਸਿੱਖ, ਮਸੀਹੀ, ਦਲਿਤ, ਮੁਸਲਿਮ ਅਤੇ ਨਿਹੰਗ ਜਥੇਬੰਦੀਆਂ ਨੇ ਸਮਰਥਨ ਕੀਤਾ ਅਤੇ ਕਿਹਾ ਕਿ ਇਸ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ‘ਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।