
ਇੰਗਲੈਂਡ ਦੇ ਬਰਮਿੰਘਮ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੀ ਏਅਰ ਇੰਡੀਆ ਦੀ ਉਡਾਣ ‘ਚ ਬੰਬ ਦੀ ਧਮਕੀ ਮਿਲਣ ਕਰਕੇ ਹਫੜਾ-ਦਫੜੀ ਮੱਚ ਗਈ ਹੈ। ਹਵਾਈ ਅੱਡੇ ਦੀ ਸੁਰੱਖਿਆ ਵਿੱਚ ਤਾਇਨਾਤ ਸੈਂਟਰਲ ਇੰਡਸਟਰੀਅਲ ਸਿਕਿਊਰਿਟੀ ਫੋਰਸ (CISF) ਦੀ ਟੀਮ ਨੇ ਫਲਾਈਟ ਨੂੰ ਚਾਰੋ ਪਾਸਿਓਂ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਈ ਘੰਟਿਆਂ ਤੱਕ ਚੱਲੀ ਇਸ ਜਾਂਚ ‘ਚ ਹਾਲੇ ਕੁਝ ਨਹੀਂ ਮਿਲਿਆ ਹੈ? ਫਿਲਹਾਲ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਫਲਾਈਟ ਨੇ ਸੋਮਵਾਰ ਨੂੰ ਦੁਪਹਿਰ 2.30 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਬਰਮਿੰਘਮ ਲਈ ਰਵਾਨਾ ਹੋਣਾ ਸੀ ਪਰ ਸ਼ਾਮ 5 ਵਜੇ ਤੱਕ ਜਹਾਜ਼ ਨੇ ਉਡਾਣ ਨਹੀਂ ਭਰੀ। ਕਿਹਾ ਜਾ ਰਿਹਾ ਹੈ ਕਿ ਜੇਕਰ ਜਾਂਚ ‘ਚ ਸਭ ਕੁਝ ਸਹੀ ਨਿਕਲਿਆ ਤਾਂ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ 6 ਵਜੇ ਯਾਨੀ ਸਾਢੇ 3 ਘੰਟੇ ਦੇਰੀ ਨਾਲ ਹੀ ਟੇਕ ਆਫ ਕਰ ਸਕੇਗੀ।
ਉੱਥੇ ਹੀ ਬਰਮਿੰਘਮ ਤੋਂ ਆਈ ਏਅਰ ਇੰਡੀਆ ਦੀ ਫਲਾਈਟ ਨੰਬਰ AI118 ਨੇ ਸੋਮਵਾਰ ਸਵੇਰੇ ਕਰੀਬ 8 ਵਜੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਕੀਤੀ। ਇਸ ਤੋਂ ਬਾਅਦ ਸਾਰੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ। ਯਾਤਰੀਆਂ ਦੇ ਜਾਣ ਤੋਂ ਬਾਅਦ ਜਹਾਜ਼ ਨੂੰ ਹੈਂਗਰ ਵਿੱਚ ਲਾ ਕੇ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜਹਾਜ਼ ਦੇ ਟਾਇਲਟ ‘ਚ ਸਫਾਈ ਕਰਮਚਾਰੀਆਂ ਨੂੰ ਇਕ ਪਰਚੀ ਮਿਲੀ, ਜਿਸ ‘ਤੇ ਬੰਬ ਲਿਖਿਆ ਹੋਇਆ ਸੀ।
ਸਫ਼ਾਈ ਟੀਮ ਨੇ ਤੁਰੰਤ ਇਸ ਬਾਰੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਸੀਆਈਐਸਐਫ ਦੀ ਟੀਮ ਛੇਤੀ-ਛੇਤੀ ਜਹਾਜ਼ ਨੂੰ ਸੁਰੱਖਿਆ ਦੇ ਉਦੇਸ਼ ਤੋਂ ਅਲੱਗ ਕਰ ਕੇ ਜਹਾਜ਼ ਦੀ ਜਾਂਚ ਵਿੱਚ ਜੁੱਟ ਗਈ। ਜਹਾਜ਼ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾ ਦਿੱਤਾ ਗਿਆ ਸੀ।
ਉਕਤ ਏਅਰ ਇੰਡੀਆ ਦੀ ਫਲਾਈਟ ਨੇ ਦੁਪਹਿਰ 2.30 ਵਜੇ ਅੰਮ੍ਰਿਤਸਰ-ਬਰਮਿੰਘਮ ਰੂਟ ਲਈ ਰਵਾਨਾ ਹੋਣਾ ਸੀ ਪਰ ਇਸ ਸਾਰੀ ਘਟਨਾ ਕਾਰਨ ਫਲਾਈਟ ਲੇਟ ਹੋ ਗਈ। ਜਹਾਜ਼ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਹਵਾਈ ਅੱਡੇ ‘ਤੇ ਖੜ੍ਹਾ ਰਿਹਾ।