ਪੰਜਾਬ ਸਿਰ ਕਰਜ਼ੇ ਦੀ ਪੰਡ ਜਿੱਥੇ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ, ਉੱਥੇ ਖੇਤੀ ਖੇਤਰ ‘ਚ ਵੀ ਸੂਬਾ ਪੱਛੜਦਾ ਜਾ ਰਿਹਾ ਹੈ। ਸਨਅਤਾਂ ਹੋਰਨਾਂ ਸੂਬਿਆਂ ਨੂੰ ਪਲਾਇਣ ਕਰ ਰਹੀਆਂ ਹਨ ਤੇ ਨੌਜਵਾਨਾਂ ਅੰਦਰ ਵਿਦੇਸ਼ ਜਾਣ ਦੀ ਲੱਗੀ ਹੋੜ ਨਾਲ ‘ਬ੍ਰੇਨ ਡਰੇਨ’ ਹੀ ਨਹੀਂ ਹੋ ਰਿਹਾ ਸਗੋਂ ਸੂਬੇ ਦੀ ਆਰਥਿਕਤਾ ਨੂੰ ਵੀ ਵੱਡੀ ਢਾਅ ਲੱਗ ਰਹੀ ਹੈ। ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦਾ ਸੰਕਟ ਇਸ ਕਦਰ ਗੰਭੀਰ ਹੋ ਚੁੱਕਾ ਹੈ ਕਿ ਜੇਕਰ ਸਮੇਂ ਸਿਰ ਕੋਈ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦੋ-ਢਾਈ ਦਹਾਕਿਆਂ ਅੰਦਰ ਹੀ ਪੰਜਾਬ ਪੂਰੀ ਤਰ੍ਹਾਂ ਰੇਗਿਸਤਾਨ ਬਣ ਜਾਵੇਗਾ। ਇਸ ਤੋਂ ਇਲਾਵਾ ਦਰਿਆਵਾਂ ਤੇ ਨਦੀਆਂ-ਨਾਲਿਆਂ ‘ਚ ਸੁੱਟੀ ਜਾ ਰਹੀ ਗੰਦਗੀ ਕਾਰਨ ਜਿੱਥੇ ਕੁਦਰਤ ਵਲੋਂ ਬਖਸ਼ੀ ਅਣਮੁੱਲੀ ਪਾਣੀ ਦੀ ਦਾਤ ਨੂੰ ਪਲੀਤ ਕੀਤਾ ਜਾ ਰਿਹਾ ਹੈ, ਉੱਥੇ ਖੇਤੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੇ ਸਨਅਤੀ ਇਕਾਈਆਂ ਦੇ ਪ੍ਰਦੂਸ਼ਣ ਨਾਲ ਚੌਗਿਰਦੇ ਨੂੰ ਵੀ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਇੱਥੇ ਹੀ ਬੱਸ ਨਹੀਂ ਅੱਜ ਸੂਬੇ ਅੰਦਰ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ
ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਦਰਿਆਈ ਪਾਣੀਆਂ ਸਮੇਤ ਰਾਜਧਾਨੀ ਚੰਡੀਗੜ੍ਹ ਤੋਂ ਵੀ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ। ਇਹ ਵਿਚਾਰ ਪੰਜਾਬ ਪ੍ਰੈੱਸ ਕਲੱਬ ਵਿਖੇ ‘ਪੰਜਾਬ ਸਮੱਸਿਆਵਾਂ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਉਸ ਸਮੇਂ ਉੱਭਰ ਕੇ ਸਾਹਮਣੇ ਆਏ, ਜਦੋਂ ਸੈਮੀਨਾਰ ‘ਚ ਬੋਲਦਿਆਂ ਉੱਘੇ ਆਰਥਿਕ ਮਾਹਿਰ ਡਾ. ਬਿਕਰਮ ਸਿੰਘ ਵਿਰਕ, ਸਾਬਕਾ ਆਈ. ਏ. ਐਸ. ਅਧਿਕਾਰੀ ਕਾਹਨ ਸਿੰਘ ਪਨੂੰ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਉਕਤ ਮਸਲਿਆਂ ਪ੍ਰਤੀ ਆਪਣੀ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਅਤੇ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਇਕ ਅਜਿਹੇ ਗੰਭੀਰ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਸੰਕਟ ‘ਚ ਫਸ ਗਿਆ ਹੈ, ਜਿਸ ਵਿਚੋਂ ਬਾਹਰ ਨਿਕਲਣਾ ਜੇਕਰ ਅਸੰਭਵ ਨਹੀਂ ਤਾਂ ਬੇਹੱਦ ਮੁਸ਼ਕਿਲ ਜ਼ਰੂਰ ਹੈ।
ਇਸ ਮੌਕੇ ਮੰਚ ਦਾ ਸੰਚਾਲਨ ਕਰਦਿਆਂ ਉੱਘੇ ਪੱਤਰਕਾਰ ਤੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਵੀ ਪੰਜਾਬ ਦੇ ਭਖਦੇ ਮਸਲਿਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਅੱਜ ਪੰਜਾਬ ਬੇਹੱਦ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ ਤੇ ਅਜਿਹੇ ਮੌਕੇ ਸਾਰਿਆਂ ਨੂੰ ਇਕਜੁੱਟ ਹੋ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਪੰਜਾਬੀ ਸੂਬੇ ਲਈ ਲਾਏ ਗਏ ਮੋਰਚੇ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਈ ਵਾਰ ਅਣਖ ਤੇ ਗੈਰਤ ਦੀ ਖਾਤਿਰ ਨੁਕਸਾਨ ਵੀ ਉਠਾਉਣਾ ਪੈਂਦਾ ਹੈ ਤੇ ਪੰਜਾਬੀ ਸਦੀਆਂ ਤੋਂ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਆਏ ਹਨ।
ਇਸ ਤੋਂ ਪਹਿਲਾਂ ਉੱਘੇ ਆਰਥਿਕ ਮਾਹਿਰ ਡਾ. ਬਿਕਰਮ ਸਿੰਘ ਵਿਰਕ ਨੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਕਿਵੇਂ ਸਾਲ 1997 ਤੋਂ ਬਾਅਦ ਪੰਜਾਬ ਸਿਰ ਕਰਜ਼ਾ ਵਧਦਾ ਹੀ ਗਿਆ, ਜੋ ਅੱਜ ਵਧ ਕੇ 3 ਲੱਖ ਕਰੋੜ ਦੇ ਕਰੀਬ ਜਾ ਪੁੱਜਾ ਹੈ। ਅੱਜ ਪੰਜਾਬ ਦੇ ਹਰ ਬਾਸ਼ਿੰਦੇ ਦੇ ਸਿਰ ‘ਤੇ ਇਕ ਲੱਖ ਰੁਪਏ ਦਾ ਕਰਜ਼ਾ ਹੈ ਤੇ ਜੇਕਰ ਇਹ ਰੁਝਾਣ ਨਾ ਰੁਕਿਆ ਤਾਂ ਪੰਜਾਬ ਆਰਥਿਕ ਤੌਰ ‘ਤੇ ਬੇਹੱਦ ਕਮਜ਼ੋਰ ਹੋ ਜਾਵੇਗਾ। ਉਨ੍ਹਾਂ ਪੰਜਾਬ ਸਿਰ ਚੜ੍ਹੇ ਕਰਜ਼ੇ ਲਈ ਜਿੱਥੇ ਹੋਰਨਾਂ ਕਾਰਨਾਂ ਦਾ ਜ਼ਿਕਰ ਕੀਤਾ ਉੱਥੇ ਮੁਫਤ ਦੀਆਂ ਸਕੀਮਾਂ ਲਈ ਸਬਸਿਡੀ ਨੂੰ ਵੀ ਵੱਡਾ ਕਾਰਨ ਦੱਸਿਆ। ਇਸ ਮੌਕੇ ਉਨ੍ਹਾਂ ਖੇਤੀ ਦੇ ਖੇਤਰ ‘ਚ ਵੀ ਪੰਜਾਬ ਦੇ ਪੱਛੜਨ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਕੇਂਦਰੀ ਪੂਲ ‘ਚ ਪੰਜਾਬ ਦਾ ਹਿੱਸਾ 33-23 (ਕਣਕ ਤੇ ਚੌਲ) ਰਹਿ ਗਿਆ ਹੈ, ਜਦਕਿ ਪਹਿਲਾਂ ਇਹ 73-45 ਹੋਇਆ ਕਰਦਾ ਸੀ।
ਇਸੇ ਤਰ੍ਹਾਂ ਕਾਹਨ ਸਿੰਘ ਪਨੂੰ ਨੇ ਧਰਤੀ ਹੇਠਲੇ ਪਾਣੀ ਦੇ ਸੰਕਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ 150 ਬਲਾਕਾਂ ਵਿਚੋਂ ਜ਼ਿਆਦਾਤਰ ਬਲਾਕਾਂ ਵਿਚ ਪਾਣੀ ਡਾਰਕ ਜ਼ੋਨ ‘ਚ ਜਾ ਪੁੱਜਾ ਹੈ ਤੇ ਰਹਿੰਦੇ ਜ਼ੋਨ ਵੀ ਤੇਜ਼ੀ ਨਾਲ ਸੁੱਕ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਝੋਨੇ ਸਬੰਧੀ ਨਵੀਆਂ ਤਕਨੀਕਾਂ ਦੇ ਇਸਤੇਮਾਲ ਨਾਲ ਪਾਣੀ ਦੀ ਵਰਤੋਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰਿਆਣੇ ‘ਚ ਪਾਣੀ ਦੀ ਕਮੀ ਨੂੰ ਸ਼ਾਰਦਾ ਯਮੁਨਾ ਲਿੰਕ ਨਹਿਰ ਦੀ ਉਸਾਰੀ ਨਾਲ ਪੂਰਾ ਕੀਤਾ ਜਾ ਸਕਦਾ ਹੈ, ਜਿਸ ਨਾਲ ਐਸ. ਵਾਈ. ਐਲ. ਦਾ ਮਸਲਾ ਹਮੇਸ਼ਾ ਲਈ ਹੱਲ ਹੋ ਜਾਵੇਗਾ।
ਹਮੀਰ ਸਿੰਘ ਨੇ ਢਾਂਚਾਗਤ ਤਬਦੀਲੀ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਨਾਲ ਸ਼ੁਰੂ ਤੋਂ ਹੀ ਬੇਇਨਸਾਫੀ ਹੁੰਦੀ ਰਹੀ ਹੈ ਤੇ ਹਰ ਖੇਤਰ ‘ਚ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਪ੍ਰਤੀਬੱਧਤਾ ਦੀ ਘਾਟ ਕਾਰਨ ਅੱਜ ਪੰਜਾਬ ਦੇ ਮਸਲੇ ਗੁੰਝਲਦਾਰ ਬਣ ਗਏ ਹਨ, ਜਿਨ੍ਹਾਂ ਦੇ ਹੱਲ ਲਈ ਪੰਜਾਬੀਆਂ ਨੂੰ ਸੁਚੇਤ ਤੌਰ ‘ਤੇ ਹੰਭਲਾ ਮਾਰਨ ਦੀ ਲੋੜ ਹੈ। ਇਸੇ ਤਰ੍ਹਾਂ ਉੱਘੇ ਸ਼ਾਇਰ ਸੁਰਜੀਤ ਪਾਤਰ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸੂਬੇ ਅੰਦਰ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਵੱਖ-ਵੱਖ ਤਰ੍ਹਾਂ ਦੇ ਮਸਲਿਆਂ ਦੇ ਹੱਲ ਲਈ ਇਕ ਸਾਂਝਾ ਫੋਰਮ ਗਠਨ ਕਰਨ ਦਾ ਸੁਝਾਅ ਵੀ ਦਿੱਤਾ।