ਜਲੰਧਰ/ ਐਸ ਐਸ ਚਾਹਲ
ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਕਾਰਨ ਬੰਦ ਹੋਣ ਕੰਢੇ ਪੁੱਜੀਆਂ ਵੱਖ-ਵੱਖ ਟਰਾਂਸਪੋਰਟ ਕੰਪਨੀਆਂ ਦੇ ਮਾਲਕਾਂ ਤੇ ਵਰਕਰਾਂ ਵੱਲੋਂ ਰੋਸ ਵਜੋਂ ਪੰਜਾਬ ਮੋਟਰ ਯੂਨੀਅਨ ਦੇ ਸੱਦੇ ਤਹਿਤ ਦਿੱਤੇ ਕਾਲੀ ਦੀਵਾਲੀ ਮਨਾਉਣ ਦੇ ਸੱਦੇ ਨੂੰ ਅਮਲੀਜਾਮਾ ਪਹਿਨਾ ਦਿੱਤਾ ਹੈ।
ਪੰਜਾਬ ਮੋਟਰ ਯੂਨੀਅਨ ਦੀ ਅਗਵਾਈ ਹੇਠ ਬੱਸ ਸਟੈਂਡ ’ਤੇ ਇਕੱਠੇ ਹੋਏ ਵੱਖ-ਵੱਖ ਬੱਸ ਆਪੇ੍ਰਟਰਾਂ ਨੇ ਜਿੱਥੇ ਬੱਸਾਂ ’ਤੇ ਕਾਲੇ ਝੰਡੇ ਲਹਿਰਾਏ, ਉਥੇ ‘ਸਰਕਾਰ ਦੀਆਂ ਵਪਾਰ ਮਾਰੂ ਨੀਤੀਆਂ ਕਾਰਨ ਨਿੱਜੀ ਬੱਸ ਅਦਾਰੇ ਬੰਦ ਹੋਣ ਕੰਢੇ, ਅਦਾਰੇ ਨਾਲ ਜੁੜੇ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਹੋਣ ਤੋਂ ਬਚਾਓ, ਸਾਡੇ ਲਈ ਇਹ ਦੀਵਾਲੀ ਕਾਲੀ, ਮੁੱਖ ਮੰਤਰੀ ਸਾਹਿਬ ਇਕ ਡੁੱਬ ਰਹੇ ਅਦਾਰੇ ਵੱਲ ਧਿਆਨ ਦਿਓ ਆਦਿ ਫਲੈਕਸਾਂ ਬੱਸਾਂ ’ਤੇ ਚਿਪਕਾਈਆਂ ਗਈਆਂ
ਪੰਜਾਬ ਮੋਟਰ ਯੂਨੀਅਨ ਦੇ ਆਗੂ ਸੰਦੀਪ ਸ਼ਰਮਾ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਪਿਛਲੇ ਡੇਢ ਸਾਲ ਤੋਂ ਸਰਕਾਰ ਕੋਲ ਪੰਜਾਬ ਦੀ ਜਨਤਾ ਦੀ ਗੱਲ ਸੁਣਨ ਦਾ ਤੇ ਡੁੱਬ ਰਹੀ ਬੱਸ ਇੰਡਸਟਰੀ ਨੂੰ ਮਿਲਣ ਦਾ ਸਮਾਂ ਨਹੀਂ ਹੈ।
ਸ਼ਰਮਾ ਨੇ ਕਿਹਾ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਸਰਕਾਰ ਸਾਡੀ ਯੂਨੀਅਨ ਦੀ ਗੱਲ ਸੁਣਨ ਲਈ ਤਿਆਰ ਨਹੀਂ ਪਰ ਬਾਹਰ ਦੇ ਸੂਬਿਆਂ ਤੋਂ ਵਪਾਰੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਲਈ ਬੁਲਾ ਰਹੀ ਹੈ ਤੇ ਪੰਜਾਬ ’ਚ ਚੱਲ ਰਹੀ ਇੰਡਸਟਰੀ ਨੂੰ ਮਾਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਦੋ ਦਿਨਾਂ ’ਚ ਯੂਨੀਅਨ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਬੁਲਾ ਕੇ ਸਹਿਮਤੀ ਨਾਲ ਦੀਵਾਲੀ ਵਾਲੇ ਦਿਨ ਸਮੂਹ ਪ੍ਰਾਈਵੇਟ ਬੱਸਾਂ ਨੂੰ ਸਾਰੇ ਪੰਜਾਬ ’ਚ ਬੰਦ ਰੱਖ ਕੇ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਲਿਆ ਜਾਵੇਗਾ ਤੇ ਫੇਰ ਵੀ ਸਰਕਾਰ ਨੇ ਜੇ ਉਨ੍ਹਾਂ ਦੀ ਕੋਈ ਸਾਰ ਨਾ ਲਈ ਤਾਂ ਦੀਵਾਲੀ ਤੋਂ ਬਾਅਦ ਸੜਕ ਜਾਮ ਕਰਨ ਦਾ ਫੈਸਲਾ ਲਿਆ ਜਾਵੇਗਾ।ਇਸ ਮੌਕੇ ਯੂਨੀਅਨ ਦੇ ਆਗੂ ਦਿਲਜਿੰਦਰ ਸਿੰਘ, ਇਕਬਾਲ ਸਿੰਘ, ਸ਼ੁਭਕਰਮਨ ਬਰਾੜ, ਹਰਨੇਕ ਸਿੰਘ ਸੰਨੀ, ਜੇਆਰ ਬੱਸ, ਗੋਗੀ ਬਾਬਾ, ਹਰਦੀਪ ਸਿੰਘ ਸਿੱਧੂ, ਨਰਪਿੰਦਰ ਜਲਾਲ, ਅਸ਼ੋਕ ਮੰਨਣ ਆਦਿ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਮੈਨੇਜਰ, ਡਰਾਈਵਰ ਕੰਡਕਟਰ, ਅੱਡਾ ਇੰਚਾਰਜ, ਵਰਕਸ਼ਾਪ ਇੰਚਾਰਜ ਆਦਿ ਵੀ ਹਾਜ਼ਰ ਸਨ।