ਜਲੰਧਰ: ਵਿਜੀਲੈਂਸ ਬਿਊਰੋ ਨੇ ਜੀਐੱਸਟੀ ਦੇ ਸੁਪਰਡੈਂਟ ਸਮੇਤ ਦੋ ਸੀਏ ਤੇ ਅਮਰੀਕਾ ਬੈਠੇ ਜੀਐਂਡਐੱਮ ਆਟੋਮਿਸ਼ਨ ਕੰਪਨੀ ਦੇ ਮਾਲਕ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਨੇ ਇਹ ਮਾਮਲਾ ਮਾਡਲ ਹਾਊਸ ’ਚ ਰਹਿਣ ਵਾਲੇ ਵਪਾਰੀ ਮੋਨੀਸ਼ ਸਲਹੋਤਰਾ ਦੇ ਬਿਆਨਾਂ ’ਤੇ ਦਰਜ ਕੀਤਾ ਹੈ। ਬਿਆਨ ਵਿਚ ਮੋਨੀਸ਼ ਸਲਹੋਤਰਾ ਨੇ ਦੱਸਿਆ ਕਿ ਉਹ ਸਮਾਰਟ ਵਾਚ ਕੰਪਨੀ ਵਿਚ ਕੰਮ ਕਰਦਾ ਹੈ। ਉਸ ਦੀਆਂ ਦੋ ਕੰਪਨੀਆਂ ਈਬੀਟੀਐੱਲ ਪ੍ਰਾਈਵੇਟ ਲਿਮਟਿਡ ਅਤੇ ਲੀਗਰੋ ਸਿਸਟਮ ਪ੍ਰਾਈਵੇਟ ਲਿਮਟਿਡ ਰਜਿਸਟਰਡ ਹਨ।
ਉਨ੍ਹਾਂ ਦੱਸਿਆ ਕਿ ਈਬੀਟੀਐੱਲ ਕੰਪਨੀ ਬਿਜਲੀ ਦੇ ਸਮਾਰਟ ਸਵਿਚ ਤਿਆਰ ਕਰਦੀ ਹੈ ਅਤੇ ਦੂਸਰੀ ਕੰਪਨੀ ਮਾਰਕੀਟਿੰਗ ਕਰਦੀ ਹੈ। ਰਾਜਬੀਰ ਸਿੰਘ ਉਸ ਦੀ ਕੰਪਨੀ ਵਿਚ ਡਾਇਰੈਕਟਰ ਸੀ ਜਦਕਿ ਰਾਜਬੀਰ ਦੇ ਮਾਮੇ ਦਾ ਪੁੱਤਰ ਪਰਮਵੀਰ ਸਿੰਘ ਸੀਏ ਸੀ। ਸਾਲ 2020 ਨੂੰ ਅਮਰੀਕਾ ’ਚ ਜੀ ਐਂਡ ਐੱਮ ਕੰਪਨੀ ਨਾਲ ਸਵਿਚ ਦਾ ਸੌਦਾ ਹੋਇਆ। ਉਨ੍ਹਾਂ ਇਕਰਾਰਨਾਮਾ ਕੀਤਾ ਜਿਸ ਤਹਿਤ ਈਬੀਟੀਐੱਲ ਅਤੇ ਲੀਗਰੋ ਕੰਪਨੀ ਨੂੰ ਉਨ੍ਹਾਂ ਨੇ 25 ਹਜ਼ਾਰ ਰੁਪਏ ਅਮਰੀਕੀ ਡਾਲਰ ਦੇਣੇ ਸਨ। ਉਕਤ ਕੰਪਨੀ ਨੇ 12500 ਅਮਰੀਕੀ ਡਾਲਰ ਉਨ੍ਹਾਂ ਦੀ ਕੰਪਨੀ ਦੇ ਖਾਤੇ ਵਿਚ ਪਾ ਦਿੱਤੇ। ਇਸ ਦੌਰਾਨ ਕੋਰੋਨਾ ਮਹਾਮਾਰੀ ਸ਼ੁਰੂ ਹੋ ਗਈ ਤਾਂ ਉਕਤ ਕੰਪਨੀ ਨੇ ਇਕਰਾਰਨਾਮਾ ਰੱਦ ਕਰਨ ਦੀ ਮੇਲ ਭੇਜ ਦਿੱਤੀ। ਉਕਤ ਕੰਪਨੀ ਦਾ ਕੰਟਰੈਕਟ ਰਾਜਬੀਰ ਸਿੰਘ ਵੱਲੋਂ ਦਿਵਾਇਆ ਗਿਆ ਸੀ। ਬਾਅਦ ਵਿਚ ਪਤਾ ਲੱਗਾ ਕਿ ਗਗਨਦੀਪ ਸਿੰਘ ਭਾਰਤ ਵਿਚ ਰਾਜਬੀਰ ਸਿੰਘ ਦਾ ਗੁਆਂਢੀ ਹੈ। ਉਨ੍ਹਾਂ ਅਮਰੀਕਾ ਦੀ ਕੰਪਨੀ ਨੂੰ ਲਿਖਤੀ ਵਿਚ ਦੱਸਿਆ ਕਿ ਉਨ੍ਹਾਂਨੇ 19 ਹਜ਼ਾਰ ਡਾਲਰ ਦਾ ਮਾਲ ਤਿਆਰ ਕਰ ਦਿੱਤਾ ਹੈ। ਫਰਵਰੀ 2022 ਨੂੰ ਰਾਜਬੀਰ ਸਿੰਘ ਨੇ ਦੱਸਿਆ ਕਿ ਅਮਰੀਕਾ ਦੀ ਕੰਪਨੀ ਦੇ ਗਗਨਦੀਪ ਸਿੰਘ ਨੇ ਉਨ੍ਹਾਂ ਖ਼ਿਲਾਫ਼ ਈਡੀ ’ਚ ਸ਼ਿਕਾਇਤ ਕਰ ਦਿੱਤੀ ਹੈ।
ਰਾਜਬੀਰ ਸਿੰਘ ਨੇ ਉਸ ਨੂੰ ਡਰਾਇਆ ਕਿ ਈਡੀ ਦੇ ਕਰਮਚਾਰੀ ਰਵਿੰਦਰ ਕੁਮਾਰ ਦਾ ਗਗਨਦੀਪ ਸਿੰਘ ਦੀ ਸ਼ਿਕਾਇਤ ’ਤੇ ਫੋਨ ਆਇਆ ਹੈ। ਇਸ ਤੋਂ ਬਾਅਦ 26 ਫਰਵਰੀ 2022 ਨੂੰ ਉਸ ਦੀ ਪਤਨੀ ਕੋਮਲ ਸਲਹੋਤਰਾ ਨੂੰ ਫੋਨ ਆਇਆ ਜਿਸ ’ਤੇ ਰਾਜਬੀਰ ਸਿੰਘ ਦਾ ਹਵਾਲਾ ਦੇ ਕੇ ਗੱਲ ਕੀਤੀ ਗਈ। ਗੱਲ ਕਰਨ ਵਾਲੇ ਨੇ ਖੁਦ ਨੂੰ ਰਵਿੰਦਰ ਈਡੀ ਦਫਤਰ ਤੋਂ ਦੱਸਿਆ ਅਤੇ ਮਿਲਣ ਲਈ ਕਿਹਾ। ਜਦੋਂ ਉਸ ਨੇ ਕਿਹਾ ਕਿ ਉਹ ਈਡੀ ਦਫਤਰ ਵਿਚ ਮਿਲਣਾ ਚਾਹੁੰਦਾ ਹੈ ਤਾਂ ਉਸ ਨੇ ਟਾਲਮਟੋਲ ਕੀਤਾ। ਇਸ ਸਬੰਧ ਵਿਚ ਉਸ ਨੇ ਰਾਜਬੀਰ ਸਿੰਘ ਨੇ ਗੱਲ ਕੀਤੀ ਤਾਂ ਉਸ ਨੇ ਰਵਿੰਦਰ ਨਾਲ ਮਿਲਾਉਣ ਦੀ ਗੱਲ ਕਹੀ। 1 ਮਾਰਚ 2022 ਨੂੰ ਰਾਜਬੀਰ ਨੇ ਉਸ ਨੂੰ ਰਵਿੰਦਰ ਨਾਲ ਮਿਲਾਇਆ। ਰਵਿੰਦਰ ਨੇ ਉਸ ਨੂੰ ਕਿਹਾ ਕਿ ਗਗਨਦੀਪ ਦੀ ਸ਼ਿਕਾਇਤ ਆਈ ਹੈ। ਸ਼ਿਕਾਇਤ ਦੇ ਆਧਾਰ ’ਤੇ ਉਸ ਖ਼ਿਲਾਫ਼ ਫੇਮਾ ਐਕਟ ਤਹਿਤ ਮਾਮਲਾ ਦਰਜ ਹੋ ਸਕਦਾ ਹੈ ਅਤੇ ਉਸ ਦਾ ਕਾਰੋਬਾਰ ਖਤਮ ਹੋ ਜਾਵੇਗਾ।
ਪਰਮਵੀਰ ਦਾ ਕਹਿਣਾ ਸੀ ਕਿ ਉਹ ਈਡੀ ਦੇ ਕੇਸ ਨਹੀਂ ਕਰਦਾ। 4 ਮਾਰਚ ਨੂੰ ਪਰਮਵੀਰ ਸਿੰਘ ਨੇ ਉਸ ਦੀ ਫੋਨ ’ਤੇ ਗੱਲ ਅਰਸ਼ਦੀਪ ਨਾਲ ਕਰਵਾਇਆ ਜਿਸ ਨੇ ਕਿਹਾ ਕਿ ਉਹ ਰਵਿੰਦਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਬਾਅਦ ਵਿਚ ਪਰਮਵੀਰ ਸਿੰਘ ਅਤੇ ਰਾਜਵੀਰ ਸਿੰਘ ਨੇ ਅੰਮ੍ਰਿਤਸਰ ਵਿਚ ਉਸ ਦੀ ਮੁਲਾਕਾਤ ਅਰਸ਼ਦੀਪ ਨਾਲ ਕਰਵਾਇਆ। ਅਰਸ਼ਦੀਪ ਨੇ ਉਨ੍ਹਾਂ ਨੂੰ ਮਾਮਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
5 ਮਾਰਚ ਨੂੰ ਰਾਜਬੀਰ ਉਸ ਨੂੰ ਜਲੰਧਰ ਮਾਡਲ ਟਾਊਨ ਲੈ ਗਿਆ। ਉਥੇ ਪਰਮਵੀਰ ਸਿੰਘ, ਅਰਸ਼ਦੀਪ ਸਿੰਘ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਈਡੀ ਦੀ ਸ਼ਿਕਾਇਤ ਨੂੰ ਖਤਮ ਕਰਨ ਲਈ ਗਗਨਦੀਪ ਨੂੰ ਪੈਸੇ ਵਾਪਸ ਦੇਣੇ ਹੋਣਗੇ। ਨਾਲ ਹੀ ਕਿਹਾ ਕਿ ਈਡੀ ਦੀ ਸ਼ਿਕਾਇਤ ਬੰਦ ਕਰਵਾਉਣ ਲਈ 4 ਲੱਖ ਰੁਪਏ ਦੇਣੇ ਪੈਣਗੇ ਅਤੇ ਅਰਸ਼ਦੀਪ ਨੂੰ ਸੈਟਲਮੈਂਟ ਫੀਸ ਦੇ 1 ਲੱਖ ਰੁਪੲ ੇਦੇਣੇ ਪੈਣਗੇ। 7 ਮਾਰਚ ਨੂੰ ਰਾਜਬੀਰ ਨੇ ਪੈਸੇ ਮੰਗੇ ਤਾਂ ਉਸ ਨੇ ਮੁਥੂਟ ਫਾਇਨਾਂਸ ਤੋਂ ਗੋਲਡ ਲੋਨ ਲੈ ਕੇ ਪੈਸੇ ਅਰਸ਼ਦੀਪ ਨੂੰ ਦੇ ਦਿੱਤੇ।
ਇਸ ਤੋਂ ਬਾਅਦ ਹੋਰ ਪੈਸੇ ਉਨ੍ਹਾਂ ਅਲੱਗ-ਅਲੱਗ ਜਗ੍ਹਾ ’ਤੇ ਲਏ। ਪੈਸੇ ਦੇਣ ਤੋਂ ਬਾਅਦ ਗਗਨਦੀਪ ਸਿੰਘ ਦੇ ਭਰਾ ਦੀਪੇਂਦਰ ਨਾਲ ਲਿਖਤੀ ਇਕਰਾਰਨਾਮਨਾ ਹੋਇਆ ਜਿਸ ਵਿਚ ਈਡੀ ਦਾ ਕੇਸ ਵਾਪਸ ਲੈਣ ਦੀ ਗੱਲ ਵੀ ਲਿਖੀ ਗਈ। ਮੋਨੀਸ਼ ਨੇ ਕਿਹਾ ਕਿ ਇਸ ਦੌਰਾਨ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਈਡੀ ਦਫਤਰ ਵਿਚ ਜਾ ਕੇ ਪਤਾ ਕਰਵਾਇਆ ਕਿ ਉਸ ਦੇ ਖ਼ਿਲਾਫ ਸ਼ਿਕਾਇਤ ਹੀ ਨਹੀਂ ਆਈ ਅਤੇ ਉਸ ਨਾਲ ਠੱਗੀ ਹੋਈ ਹੈ।
ਵਿਜੀਲੈਂਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਅਤੇ ਗਗਨਦੀਪ ਸਿੰਘ, ਰਾਜਬੀਰ ਸਿੰਘ, ਪਰਮਵੀਰ ਸਿੰਘ, ਅਰਸ਼ਦੀਪ ਸਿੰਘ ਗਰੋਵਰ, ਦੀਪੇਂਦਰ ਸਿੰਘ ਅਤੇ ਰੋਹਤਕ ਵਾਸੀ ਪਿ੍ਰੰਸੀਪਲ ਚੀਫ ਕਮਿਸ਼ਨਰ, ਚੇਨਈ ਆਫ ਜੀਐੱਸਟੀ ਐਂਡ ਸੈਂਟਰਲ ਐਕਸਾਈਜ਼ ਦਫਤਰ ਦੇ ਸੁਪਰਡੈਂਟ ਰਵਿੰਦਰ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।









