ਗੁਰੂ ਦਾ ਸਿੱਖ ਵੇਚ ਰਿਹਾ ਕੁਲਚੇ, ਕਹਿੰਦਾ ਜਿੰਨੇ ਮਰਜ਼ੀ ਖਾਓ ਪੈਸੇ ਆਪਣੀ ਮਰਜ਼ੀ ਨਾਲ ਗੋਲਕ ‘ਚ ਪਾਓ !

ਤੁਹਾਨੂੰ ਇੱਕ ਐਸੇ ਗੁਰਸਿੱਖ ਸਤਨਾਮ ਸਿੰਘ ਨਾਲ ਮਿਲਾਉਣ ਜਾ ਰਹੇ ਹਾਂ ਜੋਂ ਅਸਲ ਮਾਇਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਅਮਲ ਕਰ ਰਿਹਾ। ਮਹਿੰਗਾਈ ਤੇ ਮੁਕਾਬਲੇ ਦੇ ਇਸ ਦੌਰ ਵਿੱਚ ਹਰ ਇੱਕ ਦੁਕਾਨਦਾਰ ਵਪਾਰੀ ਨੂੰ ਇਹ ਲਾਲਚ ਹੁੰਦਾ ਹੈ ਕਿ ਉਸ ਵੱਲੋਂ ਆਪਣੇ ਵਪਾਰ ਵਿੱਚ ਲਗਾਈ ਹੋਈ ਰਕਮ ਤੋਂ ਉਸ ਨੂੰ ਵੱਧ ਮੁਨਾਫਾ ਹੋਵੇ। ਮਗਰ ਨੰਗਲ ਦੇ ਪਿੰਡ ਨਾਨਗਰਾਂ ਦੇ ਵਿੱਚ ਅੰਮ੍ਰਿਤਧਾਰੀ ਗੁਰਸਿੱਖ ਗੁਰਬਾਣੀ ਦੀਆਂ ਤੁਕਾਂ ਤੇ ਅਧਾਰਤ ਆਪਣੇ ਕਾਰੋਬਾਰ ਨੂੰ ਚਲਾਇਆ ਹੈ, ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ, ਠੀਕ ਉਸੇ ਤਰ੍ਹਾਂ ਹੀ ਇਸ ਸਿੱਖ ਨੌਜਵਾਨ ਨੇ ਆਪਣਾ ਕੁਲਚੇ ਛੋਲਿਆਂ ਦਾ ਇੱਕ ਨਿੱਕਾ ਜਿਹਾ ਕਾਰੋਬਾਰ ਚਲਾਇਆ ਹੋਇਆ ਹੈ।
ਖਾਸ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਇਸ ਦੁਕਾਨ ਤੋਂ ਜਿੰਨੇ ਮਰਜ਼ੀ ਕੁਲਚੇ ਛੋਲੇ ਖਾਵੇ ਪੈਸੇ ਆਪਣੀ ਖੁਸ਼ੀ ਦੇ ਨਾਲ ਗੋਲਕ ਵਿੱਚ ਪਾ ਦੇਵੇ। ਕਦੇ ਵੀ ਇਸ ਵਿਅਕਤੀ ਨੇ ਕੁਲਚੇ ਛੋਲੇ ਲੈ ਜਾਣ ਵਾਲੇ ਵਿਅਕਤੀ ਤੋਂ ਪੈਸੇ ਨਹੀਂ ਮੰਗੇ , ਕੁਲਚੇ ਛੋਲੇ ਲਿਜਾਣ ਵਾਲੇ ਹਰ ਇੱਕ ਵਿਅਕਤੀ ਨੂੰ ਇੱਕੋ ਗੱਲ ਆਖਦੇ ਹਨ ਕਿ ਤੁਸੀਂ ਆਪਣੀ ਖੁਸ਼ੀ ਦੇ ਨਾਲ ਜੋ ਤੁਸੀਂ ਦੇਣਾ ਹੈ ਉਹ ਇਸ ਗੋਲਕ ਵਿੱਚ ਪਾ ਦਿਓ।
ਨੰਗਲ ਦੇ ਨਾਲ ਲੱਗਦੇ ਪਿੰਡ ਭੱਲੜੀ ਦਾ ਗੁਰਸਿੱਖ ਨੌਜਵਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਖਾਲਸਾ ਫਾਸਟ ਫੂਡ ਦੇ ਨਾਂ ਤੇ ਪਿੰਡ ਨਾਨਗਰਾਂ ਮੁੱਖ ਸੜਕ ਤੇ ਆਪਣੀ ਦੁਕਾਨ ਚਲਾ ਰਿਹਾ ਹੈ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਖਾਲਸਾ ਫਾਸਟ ਫੂਡ ਤੇ ਸਤਨਾਮ ਸਿੰਘ ਤੇ ਸਤਨਾਮ ਦੀ ਧਰਮ ਪਤਨੀ ਬਰਗਰ ਨੂਡਲ, ਕੁਲਚੇ ਛੋਲੇ ਆਦਿ ਦੀ ਦੁਕਾਨ ਕਰਦੇ ਸਨ ਤੇ ਪੈਸੇ ਲੈ ਕੇ ਸਮਾਨ ਦਿਆ ਕਰਦੇ ਸਨ।ਗੁਰਪੁਰਬ ਅਤੇ ਨਵੇਂ ਸਾਲ ਤੇ ਉਹਨਾਂ ਵੱਲੋਂ ਕੁਲਚੇ ਛੋਲਿਆਂ ਦਾ ਲੰਗਰ ਵੀ ਲਗਾਇਆ ਜਾਂਦਾ ਸੀ।
ਮਗਰ ਡੇਢ ਸਾਲ ਪਹਿਲਾਂ ਉਹਨਾਂ ਦੀ ਧਰਮ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਸਤਨਾਮ ਸਿੰਘ ਨੇ ਇੱਕ ਸਾਲ ਕੰਮ ਨਹੀਂ ਕੀਤਾ ਤੇ ਫਿਰ ਜਦੋਂ ਕੰਮ ਸ਼ੁਰੂ ਕੀਤਾ ਤੇ ਮਨ ਵਿੱਚ ਉਸਦੀ ਘਰਵਾਲੀ ਦੀ ਗੱਲ ਯਾਦ ਆ ਗਈ ਕਿ ਇੱਕ ਵਾਰ ਮੈਂ ਉਸਨੂੰ ਪੁੱਛਿਆ ਸੀ ਕਿ ਅਸੀਂ ਗੁਰਪੁਰਬ ਤੇ ਨਵੇਂ ਸਾਲ ਵਾਲੇ ਦਿਨ ਕੁਲਚੇ ਛੋਲਿਆਂ ਦਾ ਲੰਗਰ ਲਗਾਉਂਦੇ ਹਾਂ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਤਾਂ ਉਸ ਨੇ ਹੱਸ ਕੇ ਜਵਾਬ ਦਿੱਤਾ ਸੀ ਕਿ ਮੈਨੂੰ ਇਸ ਤਰ੍ਹਾਂ ਸੇਵਾ ਕਰਕੇ ਬਹੁਤ ਆਨੰਦ ਆਉਂਦਾ ਹੈ।