
AAP’s second list of candidates may be released today; find out who might be included.
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਅੱਜ ਯਾਨੀ 12 ਨਵੰਬਰ ਨੂੰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਪਾਰਟੀ ਦੀ ਸਭ ਤੋਂ ਵੱਡੀ ਫੈਸਲਾ ਲੈਣ ਵਾਲੀ ਇਕਾਈ ਪੋਲੀਟੀਕਲ ਅਫੇਅਰਜ਼ ਕਮੇਟੀ (PAC) ਦੀ ਮੀਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਜਾ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ।
ਦੂਜੀ ਲਿਸਟ ਵਿਚ ਕਿਹੜੇ ਹਲਕਿਆਂ ਨੂੰ ਮਿਲ ਸਕਦੀ ਹੈ ਤਰਜੀਹ?
ਦੂਜੀ ਲਿਸਟ ਨੂੰ ਲੈ ਕੇ ਸਭ ਤੋਂ ਵੱਧ ਨਜ਼ਰ ਉਨ੍ਹਾਂ ਵਿਧਾਨ ਸਭਾ ਹਲਕਿਆਂ ‘ਤੇ ਹੈ, ਜਿੱਥੇ ਆਮ ਆਦਮੀ ਪਾਰਟੀ ਨੇ ਮੌਜੂਦਾ ਵਿਧਾਇਕਾਂ ਦੇ ਨਾਲ-ਨਾਲ ਨਵੇਂ ਹਲਕਾ ਇੰਚਾਰਜ ਵੀ ਨਿਯੁਕਤ ਕੀਤੇ ਹਨ। ਇਸ ਨੂੰ ਦੇਖਦਿਆਂ ਇਨ੍ਹਾਂ ਸੀਟਾਂ ‘ਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਦਿ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਬਠਿੰਡਾ ਦਿਹਾਤੀ, ਖਰੜ, ਚਮਕੌਰ ਸਾਹਿਬ ਅਤੇ ਸਮਾਣਾ ਵਰਗੇ ਹਲਕਿਆਂ ਵਿਚ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕਈ ਹਲਕਿਆਂ ‘ਤੇ ਪਹਿਲਾਂ ਤੋਂ ਹੀ AAP ਦੇ ਵਿਧਾਇਕ ਮੌਜੂਦ ਹਨ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਕਬਜ਼ੇ ਵਾਲੇ ਹਲਕਿਆਂ ਵਿਚ ਵੀ AAP ਨੇ ਆਪਣੇ ਹਲਕਾ ਇੰਚਾਰਜ ਸਰਗਰਮ ਕੀਤੇ ਹਨ।
ਖਾਸ ਤੌਰ ‘ਤੇ ਇਨ੍ਹਾਂ ਹਲਕਿਆਂ ‘ਤੇ ਨਜ਼ਰ ਰਹੇਗੀ:
ਬਠਿੰਡਾ ਦਿਹਾਤੀ: ਇੱਥੇ ਪਾਰਟੀ ਨੇ ਨਵੇਂ ਹਲਕਾ ਇੰਚਾਰਜ ਦੀ ਨਿਯੁਕਤੀ ਕੀਤੀ ਹੈ, ਜਿਸ ਕਾਰਨ ਮੌਜੂਦਾ ਵਿਧਾਇਕ ਦੀ ਟਿਕਟ ਨੂੰ ਲੈ ਕੇ ਚਰਚਾ ਹੈ।
ਖਰੜ: ਇੱਥੇ ਵੀ ਮੌਜੂਦਾ ਵਿਧਾਇਕ ਦੇ ਨਾਲ ਨਵੇਂ ਹਲਕਾ ਇੰਚਾਰਜ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਚਮਕੌਰ ਸਾਹਿਬ: ਇੱਥੇ ਵੀ ਪਾਰਟੀ ਨੇ ਸੰਗਠਨਾਤਮਕ ਪੱਧਰ ‘ਤੇ ਨਵੀਂ ਨਿਯੁਕਤੀ ਕੀਤੀ ਹੈ।
ਸਮਾਣਾ: ਸਾਬਕਾ ਅਕਾਲੀ ਮੰਤਰੀ ਨੂੰ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਇਸ ਸੀਟ ‘ਤੇ ਖਾਸ ਚਰਚਾ ਹੈ।
ਸ਼ਾਹਕੋਟ: ਇੱਥੇ ਵੀ ਪਾਰਟੀ ਵੱਲੋਂ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਫਗਵਾੜਾ, ਫਿਲੌਰ, ਕਾਦੀਆਂ, ਸੁਜਾਨਪੁਰ, ਨਵਾਂਸ਼ਹਿਰ ਅਤੇ ਮੁਕੇਰੀਆਂ: ਇਨ੍ਹਾਂ ਹਲਕਿਆਂ ਵਿੱਚ ਵੀ ਪਾਰਟੀ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਲਕਾ ਇੰਚਾਰਜ ਲਗਾਏ ਹਨ।
ਇਸ ਤੋਂ ਇਲਾਵਾ ਡੇਰਾ ਬੱਸੀ, ਸਨੌਰ, ਬਠਿੰਡਾ ਸ਼ਹਿਰੀ, ਮਾਨਸਾ ਅਤੇ ਲੰਬੀ ਵਰਗੇ ਹਲਕਿਆਂ ਵਿਚ ਵੀ ਪਾਰਟੀ ਵੱਲੋਂ ਨਵੇਂ ਆਗੂਆਂ ਨੂੰ ਅੱਗੇ ਲਿਆਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਸੀਟਾਂ ‘ਤੇ ਵੀ ਅਗਲੀ ਸੂਚੀ ਦੌਰਾਨ ਪਾਰਟੀ ਦੇ ਫੈਸਲੇ ‘ਤੇ ਨਜ਼ਰ ਰਹੇਗੀ।
ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ‘ਤੇ ਵੀ ਨਜ਼ਰ
ਪਾਰਟੀ ਵੱਲੋਂ ਪਹਿਲੀ ਸੂਚੀ ਵਿਚ ਸਾਰੇ 40 ਮੌਜੂਦਾ ਵਿਧਾਇਕਾਂ ਨੂੰ ਮੁੜ ਮੌਕਾ ਦਿੱਤਾ ਗਿਆ ਸੀ। ਪਰ ਹੁਣ ਬਾਕੀ 77 ਸੀਟਾਂ ‘ਤੇ ਉਮੀਦਵਾਰਾਂ ਦੀ ਚੋਣ ਕਰਨੀ ਹੈ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਪਾਰਟੀ ਕੁਝ ਮੌਜੂਦਾ ਵਿਧਾਇਕਾਂ ਦੀ ਕਾਰਗੁਜ਼ਾਰੀ ਅਤੇ ਅੰਦਰੂਨੀ ਸਰਵੇਖਣਾਂ ਦੇ ਆਧਾਰ ‘ਤੇ ਉਨ੍ਹਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਮੌਕਾ ਦੇ ਸਕਦੀ ਹੈ।
ਇਸ ਲਈ ਦੂਜੀ ਸੂਚੀ ਵਿਚ ਸਿਰਫ਼ ਨਵੇਂ ਹਲਕਾ ਇੰਚਾਰਜਾਂ ਵਾਲੀਆਂ ਸੀਟਾਂ ਹੀ ਨਹੀਂ, ਸਗੋਂ ਮੌਜੂਦਾ ਵਿਧਾਇਕਾਂ ਦੀਆਂ ਹੋਰ ਸੀਟਾਂ ‘ਤੇ ਵੀ ਫੈਸਲਾ ਮਹੱਤਵਪੂਰਨ ਰਹੇਗਾ। ਹਾਲਾਂਕਿ ਹਲਕਾ ਇੰਚਾਰਜ ਨਿਯੁਕਤ ਹੋਣਾ ਆਪਣੇ ਆਪ ਵਿਚ ਟਿਕਟ ਮਿਲਣ ਦੀ ਗਾਰੰਟੀ ਨਹੀਂ ਹੈ।
ਹੁਣ ਸਭ ਦੀਆਂ ਨਜ਼ਰਾਂ ਅੱਜ ਹੋਣ ਵਾਲੀ PAC ਦੀ ਮੀਟਿੰਗ ‘ਤੇ ਹਨ। ਜੇਕਰ ਮੀਟਿੰਗ ਵਿਚ ਉਮੀਦਵਾਰਾਂ ਦੇ ਨਾਵਾਂ ‘ਤੇ ਸਹਿਮਤੀ ਬਣ ਜਾਂਦੀ ਹੈ ਤਾਂ ਸ਼ਾਮ ਤੱਕ ਦੂਜੀ ਸੂਚੀ ਜਾਰੀ ਹੋ ਸਕਦੀ ਹੈ। ਦੂਜੀ ਸੂਚੀ ਤੋਂ ਇਹ ਵੀ ਸਪੱਸ਼ਟ ਹੋਵੇਗਾ ਕਿ ਪਾਰਟੀ ਆਪਣੇ ਮੌਜੂਦਾ ਵਿਧਾਇਕਾਂ ‘ਤੇ ਕਿੰਨਾ ਭਰੋਸਾ ਜਤਾਉਂਦੀ ਹੈ











