ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ 97.17% ਘਰੇਲੂ ਖਪਤਕਾਰਾਂ ਨੇ ਜ਼ੀਰੋ ਬਿੱਲ ਤੇ ਸਬਸਿਡੀ ਵਾਲੀਆਂ ਦਰਾਂ ‘ਤੇ ਬਿਜਲੀ ਪ੍ਰਾਪਤ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਗਾਰੰਟੀ ਪੂਰੀ ਕਰਨ ਦਾ ਰਿਕਾਰਡ ਬਣਾਇਆ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਘਰੇਲੂ ਬਿਜਲੀ ਦੇ ‘ਜ਼ੀਰੋ ਬਿੱਲਾਂ’ ਦਾ ਅੰਕੜਾ ਵਧਣ ਲੱਗਾ ਹੈ। ਸਰਦੀ ਵਿੱਚ ਏਸੀ ਵਗੈਰ ਬੰਦ ਹੋ ਗਏ ਹਨ ਜਿਸ ਕਰਕੇ ਘਰੇਲੂ ਬਿਜਲੀ ਦੀ ਖਪਤ ਘਟੀ ਹੈ। ਇਸ ਲਈ ਪਹਿਲਾਂ ਨਾਲੋਂ ਵੱਧ ਲੋਕਾਂ ਦੇ ਬਿਜਲੀ ਬਿੱਲ 600 ਯੀਨਿਟਾਂ ਤੋਂ ਘੱਟ ਆਉਣ ਲੱਗੇ ਹਨ। ਪੰਜਾਬ ਸਰਕਾਰ ਵੱਲੋਂ ਦੋ ਮਹੀਨਿਆਂ ਵਿੱਚ 600 ਯੀਨਿਟਾਂ ਤੋਂ ਘੱਟ ਬਿਜਲੀ ਬਿੱਲ ਵਾਲਿਆਂ ਤੋਂ ਕੋਈ ਵਸੂਲੀ ਨਹੀਂ ਕੀਤੀ ਜਾਂਦੀ।
ਹਾਸਲ ਵੇਰਵਿਆਂ ਅਨੁਸਾਰ ਅਕਤੂਬਰ ਵਿਚ 97.17 ਫੀਸਦੀ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਬਸਿਡੀ ਮਿਲੀ ਹੈ ਜਦਕਿ ਸਿਰਫ਼ ਪੌਣੇ ਤਿੰਨ ਫੀਸਦੀ ਖਪਤਕਾਰਾਂ ਨੂੰ ਹੀ ਬਿਜਲੀ ਦਾ ਪੂਰਾ ਮੁੱਲ ਤਾਰਨਾ ਪਿਆ ਹੈ। ਪੰਜਾਬ ਸਰਕਾਰ ਨੇ ਪਹਿਲੀ ਜੁਲਾਈ ਤੋਂ 600 ਯੂਨਿਟ ਬਿਜਲੀ ਮੁਆਫ ਕਰਨ ਦਾ ਫ਼ੈਸਲਾ ਲਾਗੂ ਕੀਤਾ ਸੀ। ਜੁਲਾਈ ਵਿਚ 62.36 ਫੀਸਦੀ, ਅਗਸਤ ਵਿੱਚ 67.53 ਫੀਸਦੀ ਅਤੇ ਸਤੰਬਰ ਵਿਚ 70.74 ਫੀਸਦੀ ਘਰੇਲੂ ਖਪਤਕਾਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਮਿਲੇ ਹਨ।
ਹੁਣ ਜਿਵੇਂ ਜਿਵੇਂ ਮੌਸਮ ਠੰਢਾ ਹੋਣ ਲੱਗ ਪਿਆ ਹੈ, ਜ਼ੀਰੋ ਬਿੱਲਾਂ ਦੀ ਗਿਣਤੀ ਵੀ ਵਧਣ ਲੱਗ ਪਈ ਹੈ। ਅਕਤੂਬਰ ਵਿਚ 76.07 ਫੀਸਦੀ ਖਪਤਕਾਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਪ੍ਰਾਪਤ ਹੋਏ ਹਨ। ਸਰਦੀ ਸ਼ੁਰੂ ਹੋਣ ਨਾਲ ਹੀ 84.58 ਫੀਸਦੀ ਘਰੇਲੂ ਖਪਤਕਾਰਾਂ ਨੂੰ 15 ਨਵਬੰਰ ਤੱਕ ਜ਼ੀਰੋ ਬਿੱਲ ਮਿਲੇ ਹਨ। 13 ਨਵੰਬਰ ਨੂੰ ਜਾਰੀ ਹੋਏ ਬਿੱਲਾਂ ’ਤੇ ਨਜ਼ਰ ਮਾਰੀਏ ਤਾਂ ਕਰੀਬ 87.87 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿੱਲ ਭੇਜੇ ਗਏ ਹਨ।