Indiapolitical

BJP ਅਕਾਲੀ ਦਲ ਨੂੰ ਠਿੱਬੀ ਲਾਉਣ ਦੇ ਰੋਂਅ ‘ਚ, ਮੰਤਰੀ ਬਿੱਟੂ ਦੇ ਬਿਆਨ ਨਾਲ ਅਕਾਲੀ ਆਗੂਆਂ ਨੂੰ ਛਿੜੀ ਕੰਬਣੀ

BJP now in the mood of suppressing Akalia, Ravneet Bittu's statement sent shivers down the spine of Akali leaders.

ਕੇਂਦਰ ਦੇ ਰਾਜ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੀ ਪਲੇਠੀ ਬਿਆਨਬਾਜ਼ੀ ਨੇ ਰਾਜਨੀਤਕ ਹਲਕਿਆਂ ’ਚ ਚੁੰਝ ਚਰਚਾ ਛੇੜ ਦਿਤੀ ਹੈ। ਇਸ ਨੂੰ ਰਵਨੀਤ ਬਿੱਟੂ ਦੀ ਸੋਚ ਵਿਚ ਆਈ ਤਬਦੀਲੀ, ਯੂ ਟਰਨ ਅਤੇ ਪੈਂਤੜੇਬਾਜ਼ੀ ਦੇ ਤੌਰ ’ਤੇ ਹਰ ਆਪੋ ਅਪਣੇ ਨਜ਼ਰੀਏ ਨਾਲ ਵਾਚ ਰਿਹਾ ਹੈ। ਕਈ ਰਾਜਨੀਤਕ ਹਲਕੇ ਰਵਨੀਤ ਬਿੱਟੂ ਦੀ ਬਿਆਨਬਾਜ਼ੀ ਨੂੰ ਭਾਜਪਾ ਦੀ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਵਾਲੀ ਰਣਨੀਤੀ ਅਤੇ ਵਿਉਂਤਬੰਦੀ ਦਰਸਾ ਰਹੇ ਹਨ।

ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵਲੋਂ ਬੰਦੀ ਸਿੰਘਾਂ ਦੀ ਰਿਹਾਈ, ਜੂਨ ਅਤੇ ਨਵੰਬਰ 84 ਦੇ ਘੱਲੂਘਾਰਿਆਂ ਨਾਲ ਜੁੜੀਆਂ ਘਟਨਾਵਾਂ ਦਾ ਸਿੱਖਾਂ ਨੂੰ ਇਨਸਾਫ਼ ਦਿਵਾਉਣ, ਕਿਸਾਨੀ ਮਸਲੇ ਹੱਲ ਕਰਵਾਉਣ ਅਤੇ ਪੰਜਾਬ ਤੇ ਕੇਂਦਰ ਸਰਕਾਰ ਦਰਮਿਆਨ ਪੁਲ ਬਣਨ ਦਾ ਦਾਅਵਾ ਕਰਨ ਵਾਲੇ ਦਿਤੇ ਪਲੇਠੇ ਬਿਆਨ ਦੇ ਵੱਖੋ ਵਖਰੇ ਅਰਥ ਕੱਢੇ ਜਾ ਰਹੇ ਹਨ।

ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਅਕਾਲੀ ਦਲ ਬਾਦਲ ਦੇ ਮੂਹਰਲੀ ਕਤਾਰ ਦੇ ਕਿਸੇ ਵੀ ਆਗੂ ਦੇ ਬਿਆਨ ਦਾ ਵਿਰੋਧ ਰਵਨੀਤ ਬਿੱਟੂ ਵਲੋਂ ਹੀ ਕੀਤਾ ਜਾਂਦਾ ਸੀ ਅਤੇ ਹਰ ਵਾਰ ਰਵਨੀਤ ਬਿੱਟੂ ਹੀ ਉਪਰੋਕਤ ਸ਼ਖ਼ਸੀਅਤਾਂ ਅਤੇ ਸਿਆਸੀ ਆਗੂਆਂ ਦੇ ਬਿਆਨ ਦੀ ਕਾਟ ਕਰਦਿਆਂ ਸਖ਼ਤ ਸ਼ਬਦਾਵਲੀ ਵਾਲੇ ਬਿਆਨ ਦਰਜ ਕਰਵਾਉਂਦਾ ਰਿਹਾ ਹੈ।

ਲੋਕ ਸਭਾ ਚੋਣਾਂ ਦੌਰਾਨ ਰਵਨੀਤ ਬਿੱਟੂ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਡਿਬਰੂਗੜ੍ਹ ਜੇਲ (ਆਸਾਮ) ਵਿਚ ਭੇਜਣ ਤਕ ਦੀ ਧਮਕੀ ਦੇ ਦਿਤੀ ਸੀ ਪਰ ਹੁਣ ਅਪਣੀ ਪਹਿਲਾਂ ਵਾਲੀ ਬਿਆਨਬਾਜ਼ੀ ਤੋਂ ਇਕਦਮ ਮੋੜਾ ਕਟਦਿਆਂ ਜਿਥੇ ਰਵਨੀਤ ਬਿੱਟੂ ਨੇ ਰਾਜਨੀਤਕ ਹਲਕਿਆਂ ਵਿਚ ਵਖਰੀ ਅਤੇ ਨਿਵੇਕਲੀ ਚਰਚਾ ਛੇੜ ਦਿਤੀ ਹੈ, ਉੱਥੇ ਰਵਨੀਤ ਬਿੱਟੂ ਦੇ ਉਕਤ ਬਿਆਨ ਨਾਲ ਅਕਾਲੀ ਹਲਕਿਆਂ ਵਿਚ ਵੀ ਕੰਬਣੀ ਛਿੜਨੀ ਸੁਭਾਵਕ ਹੈ ਕਿਉਂਕਿ ਇਸ ਤੋਂ ਪਹਿਲਾਂ ਪੰਥਕ ਮੁੱਦੇ ਉਠਾਉਣ ਸਬੰਧੀ ਅਕਾਲੀ ਦਲ ਬਾਦਲ ਨੂੰ ਮੋਹਰੀ ਮੰਨਿਆ ਜਾਂਦਾ ਰਿਹਾ ਹੈ।

ਰਵਨੀਤ ਬਿੱਟੂ ਨੇ ਆਖਿਆ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਾਂਗਾ, 1984 ਵਿਚ ਸਿੱਖਾਂ ਨਾਲ ਹੋਈ ਧੱਕੇਸ਼ਾਹੀ ਅਤੇ ਵਿਤਕਰੇਬਾਜ਼ੀ ਦਾ ਇਨਸਾਫ਼ ਦਿਵਾਵੇਗਾ, ਕਿਸਾਨਾਂ ਦੇ ਮੁੱਦੇ ਹੱਲ ਕਰਵਾਉਣ ਲਈ ਵੀ ਮੇਰੇ ਯਤਨ ਜਾਰੀ ਰਹਿਣਗੇ। ਹੋ ਸਕਦਾ ਹੈ ਕਿ ਭਾਜਪਾ ਦੀ ਇਹ ਰਣਨੀਤੀ ਹੋਵੇ ਕਿ ਮੰਤਰੀ ਬਣਨ ਤੋਂ ਬਾਅਦ ਰਵਨੀਤ ਬਿੱਟੂ ਤੋਂ ਅਜਿਹਾ ਬਿਆਨ ਜਾਰੀ ਕਰਵਾਇਆ ਜਾਵੇ ਜਿਸ ਨਾਲ ਰਵਨੀਤ ਬਿੱਟੂ ਦੀ ਸ਼ਖ਼ਸੀਅਤ ਸਿੱਖ ਪੱਖੀ ਹੋਵੇ ਕਿਉਂਕਿ ਪਹਿਲਾਂ ਰਵਨੀਤ ਬਿੱਟੂ ਨੂੰ ਸਿੱਖ ਵਿਰੋਧੀ ਦੇ ਤੌਰ ’ਤੇ ਦੇਖਿਆ, ਸੁਣਿਆ ਅਤੇ ਵਾਚਿਆ ਜਾਂਦਾ ਸੀ।

ਪਹਿਲਾਂ ਪੰਥਕ ਅਤੇ ਕਿਸਾਨੀ ਮੁੱਦਿਆਂ ਦੀ ਤਰਜਮਾਨੀ ਕਰਨ ਲਈ ਅਕਾਲੀ ਦਲ ਬਾਦਲ ਨੂੰ ਮੋਹਰੀ ਮੰਨਿਆ ਜਾਂਦਾ ਸੀ ਪਰ ਰਵਨੀਤ ਬਿੱਟੂ ਦੇ ਉਕਤ ਬਿਆਨਾ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਭਾਜਪਾ ਨੇ ਉਕਤ ਮੁੱਦਿਆਂ ’ਤੇ ਅਕਾਲੀ ਦਲ ਨੂੰ ਵੀ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਕਿਸਾਨੀ ਅਤੇ ਪੰਥਕ ਮੁੱਦਿਆਂ ਨੂੰ ਵਿਸਾਰ ਦੇਣ ਕਰ ਕੇ ਹੀ ਅਕਾਲੀ ਦਲ ਹਾਸ਼ੀਏ ’ਤੇ ਜਾ ਪਿਆ ਸੀ ਅਤੇ ਉਕਤ ਮੁੱਦਿਆਂ ਨੂੰ ਦੁਬਾਰਾ ਅਪਣਾ ਕੇ ਅਕਾਲੀ ਦਲ ਵਲੋਂ ਅਪਣੇ ਵੋਟ ਬੈਂਕ ਨੂੰ ਸਿਰ-ਪੈਰ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਸੀ ਪਰ ਭਾਜਪਾ ਦੀ ਰਣਨੀਤੀ ਤਹਿਤ ਰਵਨੀਤ ਬਿੱਟੂ ਵਲੋਂ ਕਿਸਾਨੀ ਅਤੇ ਪੰਥਕ ਮੁੱਦਿਆਂ ’ਤੇ ਦਿਤੇ ਬਿਆਨ ਨੇ ਜਿਥੇ ਅਕਾਲੀ ਦਲ ਅੰਦਰ ਕੰਬਣੀ ਛੇੜ ਦਿਤੀ ਹੈ, ਉੱਥੇ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਆਗੂਆਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ।

Related Articles

Back to top button