ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਇੱਕ ਮਨੁੱਖੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਜੋ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀ ਦਿਵਾਉਣ ਦੀ ਆੜ ਵਿੱਚ ਭਾਰਤੀਆਂ ਨੂੰ ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭੇਜ ਰਿਹਾ ਸੀ। ਜਿਥੇ ਨੌਜਵਾਨਾਂ ਨੂੰ ਰੂਸ ਵੱਲੋਂ ਜੰਗ ਲੜਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਦੀਆਂ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।
ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਸੀਬੀਆਈ ਨੇ ਕਈ ਵੀਜ਼ਾ ਕੰਸਲਟੈਂਸੀ ਫਰਮਾਂ ਅਤੇ ਏਜੰਟਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। CBI ਨੇ ਸੱਤ ਸ਼ਹਿਰਾਂ ਵਿੱਚ 10 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਏਜੰਟ ਨੌਜਵਾਨਾਂ ਨੂੰ ਚੰਗੇ ਪੈਸੇ ਕਮਾਉਣ ਅਤੇ ਨੌਕਰੀ ਦਾ ਝਾਂਸਾ ਦੇ ਕੇ ਗੈਰ-ਕਾਨੂੰਨੀ ਤਰੀਕੇ ਨਾਲ ਰੂਸ-ਯੂਕ੍ਰੇਨ ਦੀ ਜੰਗ ‘ਚ ਭੇਜਦੇ ਸਨ। ਇਹ ਗਿਰੋਹ ਪੂਰੇ ਦੇਸ਼ ‘ਚ ਫੈਲਿਆ ਹੋਇਆ ਹੈ ਇਹ ਛਾਪੇਮਾਰੀ ਦਿੱਲੀ, ਮੁੰਬਈ, ਚੇਨਈ, ਤਿਰੂਵਨੰਤਪੁਰਮ, ਅੰਬਾਲਾ, ਚੰਡੀਗੜ੍ਹ ਅਤੇ ਮਦੁਰਾਈ ਵਿੱਚ ਕੀਤੀ ਜਾ ਰਹੀ ਹੈ। ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। 50 ਲੱਖ ਰੁਪਏ ਵੀ ਜ਼ਬਤ ਕੀਤੇ।
ਸੀਬੀਆਈ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਫਰਮਾਂ ਨੇ ਚੰਗੀ ਨੌਕਰੀ ਦੇ ਬਹਾਨੇ 35 ਭਾਰਤੀਆਂ ਨੂੰ ਰੂਸ ਅਤੇ ਯੂਕਰੇਨ ਭੇਜਿਆ ਸੀ। ਉੱਥੇ ਉਨ੍ਹਾਂ ਨੂੰ ਜ਼ਬਰਦਸਤੀ ਯੂਕਰੇਨ ਵਿਰੁੱਧ ਜੰਗ ਲੜਨ ਲਈ ਭੇਜਿਆ ਗਿਆ ਹੈ। ਹਾਲਾਂਕਿ ਇਨ੍ਹਾਂ ‘ਚੋਂ ਕਿੰਨੇ ਜਵਾਨ ਯੁੱਧ ‘ਚ ਲੜਨ ਲਈ ਤਾਇਨਾਤ ਕੀਤੇ ਗਏ ਹਨ, ਇਸ ਦਾ ਅੰਕੜਾ ਅਜੇ ਸਪੱਸ਼ਟ ਨਹੀਂ ਹੋਇਆ ਹੈ।
ਇੱਕ ਦਿਨ ਪਹਿਲਾਂ ਹੀ ਧੋਖੇ ਨਾਲ ਰੂਸੀ ਫੌਜ ਵਿੱਚ ਭਰਤੀ ਕੀਤੇ ਗਏ ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਅਫਸਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਇਕ ਹਫਤਾ ਪਹਿਲਾਂ ਹੀ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ ਹੈਮਿਲ ਮਾਂਗੁਕੀਆ ਦੀ ਰੂਸ-ਯੂਕਰੇਨ ਜੰਗ ਵਿਚ ਮੌਤ ਹੋ ਗਈ ਸੀ।
ਅਫਸਾਨ ਵਾਂਗ ਤੇਲੰਗਾਨਾ ਅਤੇ ਦੇਸ਼ ਦੇ ਹੋਰ ਰਾਜਾਂ ਦੇ ਕਈ ਨੌਜਵਾਨਾਂ ਨੂੰ ਏਜੰਟਾਂ ਵੱਲੋਂ ਰੂਸ ਵਿੱਚ ਚੰਗੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਏਜੰਟਾਂ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੋਵੇਗਾ। ਏਜੰਟਾਂ ਨੇ ਰੂਸ ਭੇਜੇ ਜਾ ਰਹੇ ਹਰੇਕ ਨੌਜਵਾਨ ਤੋਂ ਸਾਢੇ ਤਿੰਨ ਲੱਖ ਰੁਪਏ ਵੀ ਲਏ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਦੁਬਈ ਨਿਵਾਸੀ ਫੈਜ਼ਲ ਖਾਨ ਉਰਫ ਬਾਬਾ ਦਾ ਨਾਂ ਸੀ.ਬੀ.ਆਈ. ਦੀ ਰਿਪੋਰਟ ‘ਚ ਹੈ। ਫੈਜ਼ਲ ਖਾਨ ਬਾਬਾ ਵਲੌਗ ਯੂਟਿਊਬ ਚੈਨਲ ਚਲਾਉਂਦਾ ਹੈ। ਖਾਨ ਦੀ ਕੰਪਨੀ ਬਾਬਾ ਵਲੌਗ ਓਵਰਸੀਜ਼ ਰਿਕਰੂਟਮੈਂਟ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਅਤੇ ਮੁੰਬਈ, ਦਿੱਲੀ ਅਤੇ ਚੰਡੀਗੜ੍ਹ ਦੀਆਂ ਤਿੰਨ ਹੋਰ ਕੰਪਨੀਆਂ ਦੇ ਨਾਂ ਵੀ ਇਸ ‘ਚ ਸ਼ਾਮਲ ਹਨ। ਇਸ ਮਾਮਲੇ ‘ਚ ਇਨ੍ਹਾਂ ਕੰਪਨੀਆਂ ਦੇ ਡਾਇਰੈਕਟਰ ਵੀ ਦੋਸ਼ੀ ਹਨ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕੰਪਨੀਆਂ ਖਾਨ ਨਾਲ ਕੰਮ ਕਰ ਰਹੀਆਂ ਸਨ ਜਾਂ ਨਹੀਂ।
ਸੀਬੀਆਈ ਨੇ ਬਿਆਨਾਂ ‘ਚ ਕਿਹਾ ਕਿ ਇਹ ਟ੍ਰੈਵਲ ਏਜੰਟ ਅਤੇ ਫਰਮਾਂ ਮਨੁੱਖੀ ਤਸਕਰੀ ਇਕ ਗਿਰੋਹ ਦੇ ਤੌਰ ‘ਤੇ ਕੰਮ ਕਰ ਰਹੇ ਸਨ ਤੇ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ‘ਤੇ ਪੋਸਟਾਂ ਪਾ ਕੇ ਭਾਰਤੀ ਨੌਜਵਾਨਾਂ ਨੂੰ ਰੂਸ ‘ਚ ਜ਼ਿਆਦਾ ਤਨਖ਼ਾਹ ਵਾਲੀਆਂ ਨੌਕਰੀਆਂ ਦਾ ਝਾਂਸਾ ਦਿੰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਤਸਕਰੀ ਕਰ ਕੇ ਲੜਾਈ ਦੀ ਸਿਖਲਾਈ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਉਨ੍ਹਾਂ ਦੀ ਜਾਨ ਖ਼ਤਰੇ ‘ਚ ਪਾ ਕੇ ਰੂਸ-ਯੂਕ੍ਰੇਨ ਦੀ ਜੰਗ ‘ਚ ਧੱਕਿਆ ਜਾਂਦਾ ਸੀ।