
ਮੁੱਖ ਮੰਤਰੀ ਭਗਵੰਤ ਮਾਨ ਦੇ ਲੁਧਿਆਣਾ ਦੌਰੇ ਦੇ ਦੌਰਾਨ ਸ਼ਹਿਰ ਦੇ ਚੱਪੇ-ਚੱਪੇ ਉਪਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨਪਰ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਐਤਵਾਰ ਸ਼ਾਮ ਨੂੰ ਦੁੱਗਰੀ ਦੇ ਫੇਸ 1 ਵਿਚ ਹੋਏ ਝਗੜੇ ਦੌਰਾਨ ਫਾਇਰਿੰਗ ਦੀ ਘਟਨਾ ਵਾਪਰ ਗਈ। ਦੋ ਧੜਿਆਂ ਵਿਚਕਾਰ ਹੋਈ ਫਾਇਰਿੰਗ ਵਿੱਚ ਦੋ ਵਿਅਕਤੀਆਂ ਨੂੰ ਗੋਲ਼ੀਆਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਫੱਟੜ ਹੋਏ ਵਿਅਕਤੀਆਂ ਦੀ ਪਛਾਣ ਇਕ ਗਰੁੱਪ ਦੇ ਹਰਸਿਮਰਨ ਕੋਹਲੀ ਅਤੇ ਵਿਕਰਮਜੀਤ ਵਿੱਕੀ ਵਾਸੀ ਦੁੱਗਰੀ ਵਜੋਂ ਹੋਈ ਹੈ। ਉਨ੍ਹਾਂ ਦੇ ਵਿਰੋਧੀ ਗਰੁੱਪ ਦੇ ਜਤਿੰਦਰਪਾਲ ਨੂੰ ਵੀ ਸੱਟਾਂ ਲੱਗੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਸਿਮਰਨ ਕੋਹਲੀ ਪ੍ਰਾਪਰਟੀ ਕਾਰੋਬਾਰੀ ਹੈ। ਕੋਹਲੀ ਨੇ
ਦੱਸਿਆ ਕਿ ਜਤਿੰਦਰਪਾਲ ਸਪੇਟੀ ਖਰੜ ਦੀ ਇੱਕ ਅਦਾਲਤ ਵਿੱਚ ਜ਼ਮੀਨੀ ਵਿਵਾਦ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਇਸ ਕੇਸ ਦਾ ਗਵਾਹ ਹੈ। ਕੋਹਲੀ ਨੇ ਦੱਸਿਆ ਕਿ ਜਤਿੰਦਰਪਾਲ ਸਪੇਤੀ ਉਸ ਨੂੰ ਕੇਸ ਵਿੱਚ ਆਪਣਾ ਬਿਆਨ ਦਰਜ ਨਾ ਕਰਵਾਉਣ ਲਈ ਲੰਬੇ ਸਮੇਂ ਤੋਂ ਧਮਕੀਆਂ ਦੇ ਰਿਹਾ ਸੀ ਪਰ ਉਸ ਨੇ ਧਮਕੀਆਂ ਨੂੰ ਨਜ਼ਰਅੰਦਾਜ਼ ਕੀਤਾ।
ਉਸ ਨੇ ਦੋਸ਼ ਲਗਾਇਆ ਕਿ ਐਤਵਾਰ ਰਾਤ ਨੂੰ ਉਹ ਵਿਕਰਮਜੀਤ ਵਿੱਕੀ ਨਾਲ ਫੇਜ਼ 1 ਤੋਂ ਲੰਘ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ਦੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦਾ ਰਾਹ ਰੋਕ ਲਿਆ। ਮੁਲਜ਼ਮਾਂ ਨੇ ਭੱਜਣ ਤੋਂ ਪਹਿਲਾਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਆਂ ਲੱਗਣ ਕਾਰਨ ਹਰਸਿਮਰਨ ਅਤੇ ਵਿੱਕੀ ਫੱਟੜ ਹੋ ਗਏ।