Latest news

Glime India News

ਪੁਲਿਸ ਕਮਿਸ਼ਨਰ ਵੱਲੋਂ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੇ ਹੁਕਮ

ਜਲੰਧਰ (ਐੱਸ ਐਸ ਚਾਹਲ /ਐਸ ਕੇ ਵਰਮਾ ) :
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੰਗਲਵਾਰ ਨੂੰ ਫੀਲਡ ਅਫਸਰਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਆਪੋ-ਆਪਣੇ ਇਲਾਕਿਆਂ ਨੂੰ ਅਪਰਾਧ ਮੁਕਤ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।ਇਹ ਨਿਰਦੇਸ਼ ਪੁਲਿਸ ਕਮਿਸ਼ਨਰ ਵੱਲੋਂ ਡੀਸੀਪੀ ਗੁਰਮੀਤ ਸਿੰਘ, ਨਰੇਸ਼ ਡੋਗਰਾ ਅਤੇ ਅਰੁਣ ਸੈਣੀ ਦੇ ਨਾਲ ਪੁਲਿਸ ਦੇ ਸਮੁੱਚੇ ਵਧੀਕ ਡਿਪਟੀ ਕਮਿਸ਼ਨਰਾਂ (ਏਡੀਸੀਪੀਜ਼), ਸਹਾਇਕ ਪੁਲਿਸ ਕਮਿਸ਼ਨਰਾਂ (ਏਸੀਪੀਜ਼) ਅਤੇ ਐਸ.ਐਚ.ਓਜ਼. ਨਾਲ ਮੰਗਲਵਾਰ ਨੂੰ ਪੁਲਿਸ ਲਾਈਨਜ਼ ਨਾਲ ਹੋਈ ਮੀਟਿੰਗ ਵਿੱਚ ਜਾਰੀ ਕੀਤੇ ਗਏ।ਭੁੱਲਰ ਨੇ ਸਮੁੱਚੇ ਫੀਲਡ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਸੜਕਾਂ ‘ਤੇ ਵਿਅਕਤੀਆਂ ਦੀ ਕੋਈ ਗਤੀਵਿਧੀ ਅਤੇ ਗੈਰ ਜ਼ਰੂਰੀ ਕੰਮ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਸਾਰੇ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਅਤੇ ਹੋਰ ਪ੍ਰਾਹੁਣਚਾਰੀ ਇਕਾਈਆਂ ਰਾਤ ਨੂੰ 9.30 ਵਜੇ ਤੱਕ ਬੰਦ ਹੋਣੇ ਚਾਹੀਦੇ ਹਨ। ਕਰਮਚਾਰੀਆਂ ਨੂੰ ਲੋਕਾਂ ਵੱਲੋਂ ਬਾਹਰ ਨਿਕਲਣ ‘ਤੇ ਕੋਵਿਡ ਪ੍ਰੋਟੋਕਾਲਜ਼, ਜਿਸ ਵਿੱਚ ਮਾਸਕ ਪਹਿਨਣਾ ਅਤੇ ਸਰੀਰਕ ਦੂਰੀ ਅਤੇ ਹੋਰ ਸ਼ਾਮਲ ਹੈ, ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ। 
ਉਨ੍ਹਾਂ ਕਿਹਾ ਕਿ ਰਾਤ ਦੇ ਕਰਫਿਊ/ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਕੋਵਿਡ 19 ਮਹਾਂਮਾਰੀ ਨਾਲ ਲੜਨ ਲਈ ਕਰਫਿਊ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ।ਉਨ੍ਹਾਂ ਫੀਲਡ ਅਫਸਰਾਂ ਨੂੰ 24 ਘੰਟੇ ਚੌਕਸੀ ਵਧਾਉਣ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਯੋਜਨਾਬੱਧ ਢੰਗ ਨਾਲ ਦੌਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ । ਉਨ੍ਹਾਂ ਅਪਰਾਧੀਆਂ/ਆਦਤਨ ਅਪਰਾਧੀਆਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੱਥ ਪਾਉਣ ਅਤੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ ।ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਊਣਤਾਈ ਲਈ ਸਬੰਧਤ ਖੇਤਰ ਦਾ ਅਧਿਕਾਰੀ ਜਵਾਬਦੇਹ ਹੋਵੇਗਾ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਧਿਕਾਰੀ ਚੁਣੌਤੀ ਭਰੇ ਹਾਲਾਤ ਦੇ ਬਾਵਜੂਦ ਪੂਰੇ ਉਤਸ਼ਾਹ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕੋਵਿਡ 19 ਮਹਾਂਮਾਰੀ ਜੋ ਕਿ ਵਿਸ਼ਵ ਭਰ ਵਿੱਚ ਇੱਕ ਵੱਡਾ ਖਤਰਾ ਬਣ ਕੇ ਸਾਹਮਣੀ ਆਈ ਹੈ, ਦੇ ਮੱਦੇਨਜ਼ਰ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।ਇਸ ਮੌਕੇ ਏਡੀਸੀਪੀ ਵਤਸਲਾ ਗੁਪਤਾ ਅਤੇ ਹੋਰ ਮੌਜੂਦ ਸਨ।

Leave a Comment