ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਮਾਮਲੇ ਸਮੇਂ ਸਿਰ ਨਿਪਟਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ
ਕੋਵਿਡ ਕਾਰਨ ਹੋਈਆਂ ਮੌਤਾਂ ਦੇ ਸਾਰੇ ਮਾਮਲਿਆਂ ’ਚ ਐਕਸਗ੍ਰੇਸ਼ੀਆ ਰਾਸ਼ੀ ਜਾਰੀ ਕਰਨ ਦੀਆਂ ਹਦਾਇਤਾਂ
ਹੜ੍ਹ ਰੋਕੂ ਕਾਰਜਾਂ ਅਤੇ ਪੰਚਾਇਤੀ ਜ਼ਮੀਨਾਂ ’ਤੇ ਨਜਾਇਜ਼ ਕਬਜ਼ਿਆਂ ਦੀ ਕੀਤੀ ਸਮੀਖਿਆ
ਖ਼ਾਨਗੀ ਤਕਸੀਮ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਪੋਰਟਲ ਦਾ ਵੱਧ ਤੋਂ ਵੱਧ ਲਾਹਾ ਲੈਣ ਲੋਕ
ਜਲੰਧਰ, ਐਚ ਐਸ ਚਾਵਲਾ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨਾਂ ਦੀ ਤਕਸੀਮ ਦੇ ਕੇਸਾਂ, ਇੰਤਕਾਲ, ਜਮਾਂਬੰਦੀ ਦੇ ਮਾਮਲਿਆਂ, ਹੜ੍ਹ ਰੋਕੂ ਕਾਰਜਾਂ, ਪੰਚਾਇਤੀ ਸ਼ਾਮਲਾਟਾਂ ਤੇ ਹੋਰ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਦੀਆਂ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਮਾਲ ਵਿਭਾਗ ਨਾਲ ਸਬੰਧਿਤ ਕਾਰਜਾਂ ਦੀ ਮਾਸਿਕ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਤਕਸੀਮ ਅਤੇ ਇੰਤਕਾਲਾਂ ਦੇ ਇਕ ਸਾਲ ਤੋਂ ਵੱਧ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਦਾ ਢੁਕਵੀਂ ਪ੍ਰਕਿਰਿਆ ਅਪਣਾਉਂਦਿਆਂ ਤਰਜੀਹ ਦੇ ਅਧਾਰ ’ਤੇ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇੰਤਕਾਲ ਦੇ ਮਾਮਲਿਆਂ ਵਿੱਚ ਲੋੜੀਂਦੇ ਦਸਤਾਵੇਜ਼ ਜਾਰੀ ਕਰਕੇ ਅਜਿਹੀਆਂ ਅਰਜ਼ੀਆਂ ਦੀ ਬਕਾਇਆ ਦਰ ਸਿਫ਼ਰ ਕਰਨ ਨੂੰ ਪੂਰੀ ਤਵੱਜੋਂ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇੰਤਕਾਲ ਜਾਰੀ ਕੀਤੇ ਜਾ ਸਕਣ। ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਜਮ੍ਹਾਂਬੰਦੀਆਂ ਦੇ ਮਾਮਲਿਆਂ ਵਿੱਚ ਨਜ਼ਰਸਾਨੀ ਯਕੀਨੀ ਬਣਾਉਂਦਿਆਂ ਲੋਕਾਂ ਨੂੰ ਇਹ ਸਹੂਲਤ ਵੀ ਘੱਟੋ-ਘੱਟ ਸਮੇਂ ਵਿੱਚ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਵਿੱਚ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਕਾਰਨ ਹੋਈਆਂ ਮੌਤਾਂ ਵਿੱਚ ਸਾਰੇ ਸਬੰਧਿਤ ਪਰਿਵਾਰਾਂ ਨੂੰ ਐਕਸਗ੍ਰੇਸ਼ੀਆ ਦੀ ਰਕਮ ਜਾਰੀ ਕਰਨੀ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ ਦੱਸਿਆ ਗਿਆਾ ਕਿ 20 ਮਾਰਚ 2022 ਤੋਂ ਪਹਿਲਾਂ ਵਾਇਰਸ ਨਾਲ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ 90 ਦਿਨਾਂ ਦੇ ਵਿੱਚ-ਵਿੱਚ ਅਤੇ 20 ਮਾਰਚ ਤੋਂ ਬਾਅਦ ਕੋਵਿਡ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਵਿੱਚ ਐਕਸਗ੍ਰੇਸ਼ੀਆ ਲਈ ਬਿਨੈਪੱਤਰ 60 ਦਿਨ ਦੇ ਅੰਦਰ-ਅੰਦਰ ਸਬੰਧਿਤ ਅਥਾਰਟੀ ਨੂੰ ਦੇਣ ਦੀ ਵਿਵਸਥਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪਰਿਵਾਰ ਇਸ ਮਿਆਦ ਦੌਰਾਨ ਅਰਜ਼ੀ ਦੇਣ ਤੋਂ ਰਹਿ ਗਿਆ ਹੋਵੇ ਤਾਂ ਉਹ ਜਾਇਜ਼ ਕਾਰਨ ਦੱਸਕੇ ਸਬੰਧਿਤ ਥਾਂ ’ਤੇ ਬਿਨੈਪੱਤਰ ਦੇ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਆਉਂਦੇ ਸਮੇਂ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਸ਼ੁਰੂ ਪ੍ਰਕਿਰਿਆਵਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਲ 2023 ਵਿੱਚ ਹੜ੍ਹਾਂ ਦੀ ਸਥਿਤੀ ਵਾਲੇ ਸਮੇਂ ਤੋਂ ਢੁਕਵਾਂ ਸਮਾਂ ਪਹਿਲਾਂ ਸਾਰੇ ਲੋੜੀਂਦੇ ਪ੍ਰਬੰਧ ਹਰ ਹਾਲ ਯਕੀਨੀ ਬਣਾ ਲਏ ਜਾਣ ਤਾਂ ਜੋ ਕਿਸੇ ਵੀ ਆਫ਼ਤ ਵਾਲੀ ਸਥਿਤੀ ਨਾਲ ਸਹਿਜੇ ਹੀ ਨਜਿੱਠਿਆ ਜਾ ਸਕੇ। ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨਾਂ ’ਤੇ ਨਜਾਇਜ਼ ਕਬਜ਼ਿਆਂ ਸਬੰਧੀ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਲੋੜੀਂਦੀ ਕਾਰਵਾਈ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਉਂਦਿਆਂ ਇਹ ਜ਼ਮੀਨਾਂ ਕਬਜ਼ਿਆਂ ਤੋਂ ਮੁਕਤ ਕਰਵਾਈਆਂ ਜਾਣ। ਜਸਪ੍ਰੀਤ ਸਿੰਘ ਨੇ ਅਧਿਕਾਰੀਆਂ ਨੂੰ 47-ਏ ਦੇ ਪੈਡਿੰਗ ਕੇਸਾਂ ਵਿੱਚ ਜਲਦ ਰਿਕਵਰੀ ਨੂੰ ਯਕੀਨੀ ਬਣਾਉਣ ਲਈ ਕਿਹਾ।
ਖ਼ਾਨਗੀ ਤਕਸੀਮ ਲਈ ਪੋਰਟਲ ਦਾ ਲਾਹਾ ਲੈਣ ਲੋਕ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਖ਼ਾਨਗੀ ਤਕਸੀਮਾਂ ਦੇ ਮਾਮਲਿਆਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੇਸਾਂ ਦੇ ਸਮਾਂਬੱਧ ਨਿਪਟਾਰੇ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਪੋਰਟਲ https://eservices.punjab.gov.in ਰਾਹੀਂ ਤੈਅ ਫੀਸ ਭਰ ਕੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੋਰਟਲ ਰਾਹੀਂ ਲੋਕ ਆਪਸੀ ਸਹਿਮਤੀ ਨਾਲ ਫ਼ੈਸਲਾ ਲੈ ਕੇ ਅਗਲੇਰੀ ਕਾਰਵਾਈ ਲਈ ਪੋਰਟਲ ’ਤੇ ਦਸਤਾਵੇਜ਼ ਅਪਲੋਡ ਕਰ ਸਕਦੇ ਹਨ ਤਾਂ ਜੋ ਜ਼ਮੀਨੀ ਝਗੜਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾ ਸਕੇ।