
ਕਰਨਾਟਕ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਓਮ ਪ੍ਰਕਾਸ਼ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਪਤਨੀ ਪੱਲਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗਿਰਫਤਾਰੀ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਧੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਸੂਤਰਾਂ ਅਨੁਸਾਰ ਘਟਨਾ ਸਮੇਂ ਓਮ ਪ੍ਰਕਾਸ਼ ਖਾਣਾ ਖਾ ਰਿਹਾ ਸੀ। ਇਸ ਦੌਰਾਨ ਦੋਵਾਂ ਵਿਚਕਾਰ ਲੜਾਈ ਹੋ ਗਈ। ਇਹ ਇੰਨਾ ਵਧ ਗਿਆ ਕਿ ਉਸਦੀ ਪਤਨੀ ਨੇ ਉਸਦਾ ਕਤਲ ਕਰ ਦਿੱਤਾ। ਪੱਲਵੀ ਨੇ ਪਹਿਲਾਂ ਓਮ ਪ੍ਰਕਾਸ਼ ‘ਤੇ ਮਿਰਚ ਪਾਊਡਰ ਸੁੱਟਿਆ ਅਤੇ ਜਦੋਂ ਡੀਜੀਪੀ ਜਲਣ ਤੋਂ ਰਾਹਤ ਪਾਉਣ ਲਈ ਇੱਧਰ-ਉੱਧਰ ਭੱਜ ਰਿਹਾ ਸੀ, ਤਾਂ ਪੱਲਵੀ ਨੇ ਉਸਦੀ ਗਰਦਨ, ਪੇਟ ਅਤੇ ਛਾਤੀ ‘ਤੇ 10-12 ਵਾਰ ਚਾਕੂ ਮਾਰ ਦਿੱਤੇ। ਇਸ ਘਟਨਾ ਦੌਰਾਨ ਧੀ ਕ੍ਰਿਤੀ ਵੀ ਉੱਥੇ ਮੌਜੂਦ ਸੀ।
ਜਾਂਚ ਨਾਲ ਜੁੜੇ ਸੂਤਰਾਂ ਅਨੁਸਾਰ, ਦੋਸ਼ੀ ਪਤਨੀ ਕਤਲ ਤੋਂ ਪੰਜ ਦਿਨ ਪਹਿਲਾਂ ਗੂਗਲ ਰਾਹੀਂ ਮੌਤ ਦੀ ਸਾਜ਼ਿਸ਼ ਰਚ ਰਹੀ ਸੀ। ਗੂਗਲ ‘ਤੇ ‘ਗਰਦਨ ਦੀਆਂ ਨਾੜੀਆਂ ਕੱਟਣ ਨਾਲ ਮੌਤ ਕਿਵੇਂ ਹੁੰਦੀ ਹੈ’ ਵਰਗੀਆਂ ਚੀਜ਼ਾਂ ਖੋਜੀਆਂ। ਇਹ ਗੱਲ ਡਿਵਾਈਸਾਂ ਅਤੇ ਸਰਚ ਹਿਸਟਰੀ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਇਹ ਕਤਲ ਪਹਿਲਾਂ ਤੋਂ ਯੋਜਨਾਬੱਧ ਸੀ।
ਇਸ ਦੇ ਨਾਲ ਹੀ, ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਤਲ ਤੋਂ ਬਾਅਦ, ਸਾਬਕਾ ਡੀਜੀਪੀ ਦੀ ਪਤਨੀ ਨੇ ਇੱਕ ਹੋਰ ਆਈਪੀਐਸ ਅਧਿਕਾਰੀ ਦੀ ਪਤਨੀ ਨੂੰ ਸੁਨੇਹਾ ਭੇਜਿਆ – ‘ਇੱਕ ਰਾਖਸ਼ ਮਾਰਿਆ ਗਿਆ ਹੈ’।