
ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਸਬੇ ਵਿੱਚ 2 ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਕੁੜੀਆਂ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਦੋਂ ਇਹ ਵੀਡੀਓ DGP ਗੌਰਵ ਯਾਦਵ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਇਸ ‘ਤੇ ਕਾਰਵਾਈ ਕਰਦਿਆਂ ਦੋਨੋਂ ਮਹਿਲਾ ਮੁਲਾਜ਼ਮਾਂ ਦੇ ਟ੍ਰਾਂਸਫਰ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁੜੀਆਂ ਆਈਲਟਸ ਦਾ ਪੇਪਰ ਦੇਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਪਾਰਕ ਵਿੱਚ ਜਨਮਦਿਨ ਮਨਾ ਰਹੀਆਂ ਸਨ। ਇਸ ਵਿਚਾਲੇ ਮਹਿਲਾ ਪੁਲਿਸ ਦੀਆਂ ਦੋ ਮੁਲਾਜ਼ਮਾਂ ਆਈਆਂ ਤੇ ਉਨ੍ਹਾਂ ਨੂੰ ਮਾੜਾ ਚੰਗਾ ਬੋਲਣ ਲੱਗ ਗਈਆਂ। ਇਹ ਦੇਖ ਕੇ ਮੁੰਡਾ ਉਥੋਂ ਭੱਜ ਗਿਆ ਤੇ ਦੋਨੋ ਪੁਲਿਸ ਮੁਲਾਜ਼ਮਾਂ ਨੇ ਕੁੜੀਆਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।

ਉਹ ਦੋਵੇਂ ਪੁਲਿਸ ਮੁਲਾਜ਼ਮ ਵਾਰ-ਵਾਰ ਕੁੜੀਆਂ ਨੂੰ ਆਪਣੇ ਪਰਿਵਾਰ ਨਾਲ ਗੱਲਬਾਤ ਕਰਵਾਉਣ ਦੀ ਕਹਿ ਰਹੀਆਂ ਸੀ ਅਤੇ ਕੁੜੀਆਂ ਨੂੰ ਗੰਦਗੀ ਫੈਲਾਉਣ ਵਰਗੇ ਤਾਹਨੇ ਮਾਰ ਰਹੀਆਂ ਸੀ। ਦੋਨਾਂ ਨੇ ਕੁੜੀਆਂ ਦੇ ਮੂੰਹ ‘ਤੇ ਕਈ ਥੱਪੜ ਵੀ ਮਾਰੇ। ਜਿਸਦੀ ਵੀਡੀਓ ਬਣਾ ਕੇ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।