




ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਵਿੱਚ ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਉਨ੍ਹਾਂ ਦਾ ਮੁੰਡਾ ਲਾਈਵ ਆ ਕੇ ਗਲਤ ਗੱਲਾਂ ਬੋਲਦਾ ਹਏ, ਉਸ ਨੂੰ ਸਮਝਾ ਲਓ। ਇਹ ਕਾਲ ਰਿਕਾਰਡਿੰਗ ਅਸਲੀ ਹੈ ਜਾਂ ਨਹੀਂ ਤੇ ਕਦੋਂ ਹੀ ਹੈ… ਪੰਜਾਬ ਪੁਲਿਸ ਦਾ IT ਵਿੰਗ ਇਸ ਦੀ ਜਾਂਚ ਵਿੱਚ ਲੱਗ ਗਿਆ ਹੈ।
ਸਿੱਧੂ ਮੂਸੇਵਾਲਾ ਨੇ ਵੀ ਕਤਲ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਇਹ ਗੱਲ ਕਹੀ ਸੀ ਕਿ ਉਸ ਦੇ ਘਰ ਵਾਲਿਆਂ ਦੇ ਨੰਬਰ ਕਈ ਅਪਰਾਧੀਆਂ ਤੱਕ ਪਹੁੰਚ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਸ ਦੇ ਸ਼ੋਅ ਦੇ ਇਨਕੁਆਰੀ ਨੰਬਰ ‘ਤੇ ਵੀ ਕਾਲ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਧਮਕੀ ਦੇਣ ਵਾਲੇ ਨੇ ਬਲਕੌਰ ਸਿੰਘ ਤੋਂ ਪੁੱਛਿਆ ਕਿ ਮੂਸੇਵਾਲਾ ਦਾ ਬਾਪ ਬਲਕੌਰ ਸਿੰਘ ਬੋਲ ਰਿਹੈ? ਜਵਾਬ ਵਿੱਚ ਬਲਕੌਰ ਸਿੰਘ ਨੇ ਪੁੱਛਿਆ ਤੁਸੀਂ ਕੌਣ ਓ? ਧਮਕੀ ਦੇਣ ਵਾਲੇ ਨੇ ਕਿਹਾ- ਗੱਲ ਸਮਝਾ ਲੈ ਮੂਸੇਵਾਲਾ ਨੂੰ, ਲਾਈਵ ‘ਤੇ ਕੁਝ ਨਹੀਂ ਨਿਪਟੇਗਾ। ਗਾਲ੍ਹਾਂ ਨਾਲ ਗੱਲ ਨਹੀਂ ਬਣੇਗੀ। ਜਦੋਂ ਕੋਈ ਇਸ ਦੇ ਪਿੰਡ ਆਉਂਦਾ ਹੈ ਤਾਂ ਇਹ ਆਪਣੀ ਬੁੱਢੀ ਮਾਂ ਨੂੰ ਅੱਗੇ ਕਰ ਦਿੰਦਾ ਏ ਕਿ ਤੂੰ ਮਾਫੀ ਮੰਗ ਲੈ।
ਬਲਕੌਰ ਸਿੰਘ ਨੇ ਧਣਕੀ ਦੇਣ ਵਾਲੇ ਨੂੰ ਕਿਹਾ ਕਿ ਤੂੰ ਪਿੰਡ ਆਜਾ। ਇਸ ‘ਤੇ ਧਮਕੀ ਦੇਣ ਵਾਲਾ ਬੋਲਿਆ- ‘ਪਿੰਡ ਵਿੱਚ ਤਾਂ ਮੂਸਾ ਵੀ ਸ਼ੇਰ ਹੁੰਦਾ ਏ। ਆਪਣੇ ਪਿੰਡ ਵਿੱਚ ਸਾਰੇ ਸ਼ੇਰ ਹੁੰਦੇ ਨੇ। ਤੂੰ ਆਜਾ ਮੇਰੇ ਪਿੰਡ। ਮੂਸੇਵਾਲਾ ਦਾ ਲਾਈਵ ‘ਚ ਆ ਕੇ ਗਾਲ੍ਹਾਂ ਕੱਢਣ ਦਾ ਕੀ ਮਤਲਬ ਏ? ਇਹੀ ਸੰਸਕਾਰ ਦਿੱਤੇ ਨੇ ਆਪਣੇ ਪੁੱਤ ਨੂੰ। ਬਦਮਾਸ਼ੀ ਵਾਲੀਆਂ ਗੱਲਾਂ ਸਿਖਾਈਆਂ ਨੇ, ਇਸ ਨੂੰ ਚੰਗੇ ਸੰਸਕਾਰ ਦਿਓ। ਧਰਮ ਤੇ ਕੌਮ ਦੀ ਗੱਲ ਕਰੇ।’
ਬਲਕੌਰ ਸਿੰਘ ਨੇ ਪੁੱਛਿਆ ਕਿ ਮੂਸੇਵਾਲਾ ਨੇ ਕਿਸ ਨੂੰ ਗਲਤ ਬੋਲਿਆ ਹੈ, ਕਿਸ ਦਾ ਨਾਂ ਲਿਆ ਏ? ਇਸ ‘ਤੇ ਧਮਕੀ ਦੇਣ ਵਾਲੇ ਨੇ ਕਿਹਾ ਕਿ ਜਿਸ ਦਿਨ ਉਸ ਨੇ ਕਿਸੇ ਦਾ ਨਾਂ ਲੈ ਲਿਆ ਤਾਂ ਕੋਈ ਉਸ ਨੂੰ ਛੱਡੇਗਾ ਨਹੀਂ।

