ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਨੇ ਬਣਾਈ ਨਵੀਂ ਸਿਆਸੀ ਪਾਰਟੀ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸਾਬਕਾ ਕਾਂਗਰਸੀ ਆਗੂ ਮਲਕੀਤ ਸਿੰਘ ਬੀਰਮੀ ਨੇ ਅੱਜ ਆਪਣੀ ਨਵੀਂ ਪਾਰਟੀ ਬਣਾਈ ਹੈ। ਉਹਨਾਂ ਕਿਹਾ ਕਿ ਸਮਾਜ ਨੂੰ ਇਸ ਪਾਰਟੀ ਦੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਪਿਛਲੇ 70 ਸਾਲਾਂ ਤੋਂ ਸਿਆਸੀ ਪਾਰਟੀਆਂ ਨੇ ਓਬੀਸੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਹਨਾਂ ਦੀ ਵਰਤੋਂ ਸਿਰਫ ਵੋਟਬੈਂਕ ਲਈ ਕੀਤੀ ਗਈ। ਇਸੇ ਲਈ ਉਹਨਾਂ ਨੇ ‘ਪੰਜਾਬ ਲੋਕਹਿੱਤ ਪਾਰਟੀ’ ਬਣਾਈ ਹੈ।

ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ ਐਸਸੀ ਭਾਈਚਾਰੇ ਦੀ ਗਿਣਤੀ 31 ਫੀਸਦੀ ਅਤੇ ਉਹਨਾਂ ਲਈ 34 ਫੀਸਦ ਸੀਟਾਂ ਰਾਖਵੀਆਂ ਹਨ। ਸਰਕਾਰ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ 42 ਫੀਸਦ ਅਤੇ ਕੇਂਦਰ ਵਿਚ 53 ਫੀਸਦੀ ਤੋਂ ਜ਼ਿਆਦਾ ਓਬੀਸੀ ਹਨ ਪਰ ਸਿਆਸੀ ਮੈਦਾਨ ਵਿਚ ਓਬੀਸੀ ਭਾਈਚਾਰੇ ਦੀ ਕਦਰ ਨਹੀਂ ਪਾਈ ਜਾ ਰਹੀ।

ਉਹਨਾਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਪੰਜਾਬ ਨੂੰ ਸਾਫ ਸੁਥਰੀ ਸਰਕਾਰ ਦੇਣਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਐਸਸੀ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ ਪਰ ਕਿਸੇ ਨੇ ਓਬੀਸੀ ਨੂੰ ਉੱਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਨਹੀਂ ਕੀਤਾ।

ਮੁੱਖ ਮੰਤਰੀ ਚਿਹਰੇ ਬਾਰੇ ਮਲਕੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਪਾਰਟੀ ਮੁੱਖ ਮੰਤਰੀ ਉਮੀਦਵਾਰ ਲਈ ਉਹਨਾਂ ਦੇ ਨਾਂਅ ‘ਤੇ ਹੀ ਮੋਹਰ ਲਗਾਏਗੀ।