
ਜੀ-20 ਦੇਸ਼ਾਂ ਦੀ ਅੰਤਰਰਾਸ਼ਟਰੀ ਵਿੱਤੀ ਢਾਂਚੇ ‘ਤੇ ਦੋ ਰੋਜ਼ਾ ਸਿਖਰ ਸੰਮੇਲਨ ਚੰਡੀਗੜ੍ਹ ਵਿਖੇ ਹੋਵੇਗਾ। ਇਹ ਮੀਟਿੰਗ 30 ਅਤੇ 31 ਜਨਵਰੀ ਨੂੰ ਸ਼ਹਿਰ ਦੇ ਹੋਟਲ ਲਲਿਤ ਵਿਖੇ ਹੋਵੇਗੀ। ਮੀਟਿੰਗ ਲਈ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਲਈ ਚੰਡੀਗੜ੍ਹ ਪੂਰੀ ਤਰ੍ਹਾਂ ਸਜਿਆ ਹੋਇਆ ਹੈ। ਹਵਾਈ ਅੱਡੇ ਅਤੇ ਉਸ ਤੋਂ ਬਾਹਰ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਰਸਤੇ ਨੂੰ ਸਜਾਇਆ ਗਿਆ ਹੈ। ਰਸਤੇ ‘ਚ ਮਹੱਤਵਪੂਰਨ ਥਾਵਾਂ ‘ਤੇ ਜੀ-20 ਦੇਸ਼ਾਂ ਦੇ ਝੰਡੇ ਲਗਾਏ ਗਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਸ਼ਹਿਰ ਦੇ ਸੁੰਦਰੀਕਰਨ ਅਤੇ ਸਜਾਵਟ ‘ਤੇ ਕਰੀਬ 30 ਲੱਖ ਰੁਪਏ ਖਰਚ ਕੀਤੇ ਹਨ। ਸ਼ਹਿਰ ਦੇ ਸੈਕਟਰ-29 ਦੇ ਟ੍ਰਿਬਿਊਨ ਚੌਕ ਨੂੰ ‘ਵਿਦੇਸ਼ੀ ਝੰਡਿਆਂ’ ਨਾਲ ਸਜਾਇਆ ਗਿਆ ਹੈ।
ਜੀ-20 ਦੇਸ਼ਾਂ ਦੀਆਂ ਵੱਖ-ਵੱਖ ਬੈਠਕਾਂ ਦੇਸ਼ ਦੇ ਵੱਖ-ਵੱਖ 50 ਸ਼ਹਿਰਾਂ ‘ਚ ਹੋਣੀਆਂ ਹਨ। ਇਨ੍ਹਾਂ ਵਿੱਚੋਂ ਦੋ ਮੀਟਿੰਗਾਂ ਚੰਡੀਗੜ੍ਹ ਵਿੱਚ ਹੋਣੀਆਂ ਹਨ। 30 ਅਤੇ 31 ਜਨਵਰੀ ਨੂੰ ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਮੀਟਿੰਗ ਹੋਵੇਗੀ। ਦੂਜੀ ਮੀਟਿੰਗ ਮਾਰਚ 2023 ਵਿੱਚ ਹੋਵੇਗੀ। ਇਸ ਵਿੱਚ ਖੇਤੀ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
ਚੰਡੀਗੜ੍ਹ ਵਿੱਚ ਹੋਣ ਵਾਲੀ ਜੀ-20 ਮੀਟਿੰਗ ਲਈ 170 ਦੇ ਕਰੀਬ ਡੈਲੀਗੇਟ ਸ਼ਹਿਰ ਪੁੱਜਣਗੇ। ਜਿਸ ਵਿੱਚ ਵਿਦੇਸ਼ੀ ਡੈਲੀਗੇਟ ਵੀ ਸ਼ਾਮਲ ਹੋਣਗੇ। ਉਨ੍ਹਾਂ ਦੇ ਠਹਿਰਣ ਲਈ ਸ਼ਹਿਰ ਦੇ ਪੰਜ ਤਾਰਾ ਹੋਟਲਾਂ ਵਿੱਚ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਵਿੱਚ ਹੋਟਲ ਲਲਿਤ, ਹਯਾਤ, ਜੇ ਡਬਲਿਊ ਮੈਰੀਅਟ ਸ਼ਾਮਲ ਹਨ। ਪ੍ਰਸ਼ਾਸਨ ਨੇ ਇਨ੍ਹਾਂ ਵੀਆਈਪੀ ਮਹਿਮਾਨਾਂ ਨੂੰ ਲਿਆਉਣ ਅਤੇ ਛੱਡਣ ਲਈ 72 ਐਸਯੂਵੀ ਹਾਇਰ ਕੀਤੀਆਂ ਹਨ। ਪ੍ਰਸ਼ਾਸਨ ਨੇ ਇਨ੍ਹਾਂ ਮਹਿਮਾਨਾਂ ‘ਤੇ ਕਰੀਬ 4 ਕਰੋੜ ਰੁਪਏ ਦਾ ਬਜਟ ਲਗਾਇਆ ਹੈ।
ਵਿਦੇਸ਼ੀ ਡੈਲੀਗੇਟਾਂ ਨੂੰ ਸ਼ਹਿਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨਾਂ ‘ਤੇ ਲਿਜਾਣ ਦਾ ਵੀ ਪ੍ਰੋਗਰਾਮ ਹੈ। ਇਨ੍ਹਾਂ ਵਿੱਚ ਰੌਕ ਗਾਰਡਨ, ਸੁਖਨਾ ਝੀਲ, ਰੋਜ਼ ਅਤੇ ਕੈਪੀਟਲ ਕੰਪਲੈਕਸ ਅਹਿਮ ਹਨ। ਇਸ ਦੇ ਲਈ ਵਿਦੇਸ਼ੀ ਭਾਸ਼ਾਵਾਂ ਦੇ ਜਾਣਕਾਰ ਗਾਈਡਾਂ ਦੀ ਮਦਦ ਵੀ ਲਈ ਜਾਵੇਗੀ। ਇਸ ਸਾਲ ਦੇ ਜੀ-20 ਸੰਮੇਲਨ ਦਾ ਥੀਮ ‘ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਹੈ।
ਜੀ-20 ਦੇਸ਼ਾਂ ਤੋਂ ਇਲਾਵਾ, ਭਾਰਤ ਨੇ ਬੰਗਲਾਦੇਸ਼, ਮਿਸਰ, ਮਾਰੀਸ਼ਸ, ਨੀਦਰਲੈਂਡ, ਨਾਈਜੀਰੀਆ, ਓਮਾਨ, ਸਿੰਗਾਪੁਰ, ਸਪੇਨ ਅਤੇ ਯੂਏਈ ਤੋਂ ਵੀ ਮਹਿਮਾਨਾਂ ਨੂੰ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ UN, IMF, World Bank, WHO, WTO, ILO, FSB, OECD, AU ਚੇਅਰ, NEPAD ਚੇਅਰ, ASEAN ਚੇਅਰ, ADB, ISA ਅਤੇ CDRI ਨੂੰ ਵੀ ਸੱਦਾ ਦਿੱਤਾ ਗਿਆ ਹੈ।