




ਮਾਮਲਾ ਰਾਜਸਥਾਨ ਦੇ ਭਰਤਪੁਰ ਤੋਂ ਸਾਹਮਣੇ ਆਇਆ ਹੈ, ਜਿਥੇ 5 ਰੁਪਏ ਦਾ ਨਿੰਬੂ ਖਰੀਦਣ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਸੀ ਕਿ ਦੁਕਾਨਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗਾਹਕ ਨੂੰ ਗੋਲੀ ਮਾਰ ਦਿੱਤੀ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਹੈਰਾਨ ਹਨ ਕਿ ਆਖਿਰ ਇਕ ਵਿਅਕਤੀ ਨੂੰ ਇੰਨਾ ਗੁੱਸਾ ਕਿਵੇਂ ਆ ਸਕਦਾ ਹੈ ਕਿ ਉਹ 5 ਰੁਪਏ ਦੇ ਨਿੰਬੂ ਨੂੰ ਲੈ ਕੇ ਗੋਲੀ ਚਲਾ ਦਿੰਦਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ ਪੁਲਿਸ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮਾਮਲਾ ਦੇਗ ਥਾਣਾ ਖੇਤਰ ਦੇ ਬਹਿਜ ਪਿੰਡ ਦਾ ਹੈ। ਜਿੱਥੇ ਦਿਨੇਸ਼ ਜਾਟਵ (30) ਨਾਂ ਦਾ ਵਿਅਕਤੀ ਸ਼ਾਮ ਨੂੰ ਮਹਿੰਦਰ ਬੱਚੂ ਦੀ ਦੁਕਾਨ ‘ਤੇ ਨਿੰਬੂ ਖਰੀਦਣ ਗਿਆ ਸੀ। ਦਿਨੇਸ਼ ਨੇ 5 ਰੁਪਏ ਦੇ ਨਿੰਬੂ ਲਈ 100 ਰੁਪਏ ਦਾ ਨੋਟ ਦੁਕਾਨਦਾਰ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਖੁੱਲ੍ਹੇ ਪੈਸਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਗੱਲ ਗਾਲ੍ਹਾਂ ਤੱਕ ਪਹੁੰਚ ਗਈ। ਇਸ ਤੋਂ ਬਾਅਦ ਦੁਕਾਨਦਾਰ ਦੇ ਸਾਥੀ ਰਾਤ 8.30 ਵਜੇ ਦਿਨੇਸ਼ ਦੇ ਘਰ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਦਿਨੇਸ਼ ਦੇ ਕੰਨ ਨੂੰ ਛੂਹ ਕੇ ਨਿਕਲ ਗਈ।
ਜਾਣਕਾਰੀ ਦੇਂਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਦੁਕਾਨਦਾਰ ਦਾ ਛੋਟਾ ਲੜਕਾ ਭੋਲੂ ਡੰਡੇ ਅਤੇ ਸੋਟੀਆਂ ਲੈ ਕੇ ਘਰ ਪਹੁੰਚਿਆ ਤੇ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆਂ। ਅਸੀਂ ਦਿਨੇਸ਼ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ। ਫਿਰ ਧਰਮ ਬਦਮਾਸ਼ ਨੇ ਘਰ ‘ਤੇ 4 ਫਾਇਰ ਕੀਤੇ ਅਤੇ ਮੌਕਾ ਦੇਖ ਕੇ ਦਿਨੇਸ਼ ਨੂੰ ਗੋਲੀ ਮਾਰ ਦਿੱਤੀ।

