ਕਿਸਾਨਾਂ ਦੇ ਸੰਘਰਸ਼ ‘ਚ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਵੀ ਨਿਤਰਣ ਲੱਗੇ ਹਨ। ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਨੇ ਭਾਰਤ ‘ਚ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਡਟੇ ਕਿਸਾਨਾਂ ਦੀ ਸਹਾਇਤਾ ਲਈ ਜਿੱਥੇ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾਂ ਕਰਨ ਦਾ ਐਲਾਨ ਕੀਤਾ ਹੈ, ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਤੇ ਜ਼ਖ਼ਮੀ ਕਿਸਾਨ ਪਰਿਵਾਰਾਂ ਦੀ ਮੱਦਦ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਦਿੱਲੀ ‘ਚ ਕਿਸਾਨਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਕੈਂਪ ਲਗਾਉਣ ਦਾ ਫੈਸਲਾ ਵੀ ਲਿਆ।
ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਨੇ ਦੱਸਿਆ ਕਿ ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ‘ਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ ਜਿਸ ‘ਚ ਸੰਘਰਸ਼ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਆਪਣੀਆਂ ਜਾਨਾਂ ਗੁਆਉਣ ਵਾਲੇ ਤੇ ਜ਼ਖ਼ਮੀ ਹੋਏ ਕਿਸਾਨ, ਭਾਵੇਂ ਉਹ ਦੇਸ਼ ਦੇ ਕਿਸੇ ਵੀ ਸੂਬੇ ਨਾਲ ਸਬੰਧਿਤ ਹੋਣ, ਉਨ੍ਹਾਂ ਨੂੰ ਆਰਥਿਕ ਸਹਾਇਤਾ ਭੇਜੀ ਜਾਵੇਗੀ।
ਇਹ ਆਰਥਿਕ ਮੱਦਦ ਕਿਸਾਨਾਂ ਦੇ ਇਲਾਜ, ਬੱਚਿਆਂ ਦੀ ਪੜ੍ਹਾਈ ਤੇ ਪਰਿਵਾਰ ਦੇ ਗੁਜ਼ਾਰੇ ਲਈ ਦਿੱਤੀ ਜਾਵੇਗੀ। ਸੰਸਥਾ ਨੇ ਕਿਸਾਨਾਂ ਦੀ ਮੱਦਦ ਲਈ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਗਈਆਂ ਹਨ।
ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਰਾਹੀਂ ਅਪੀਲ ਕੀਤੀ ਕਿ ਸੰਘਰਸ਼ ਦੌਰਾਨ ਸ਼ਹੀਦ ਹੋਣ ‘ਤੇ ਜ਼ਖ਼ਮੀ ਹੋਣ ਵਾਲੇ ਕਿਸਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪਹਿਲ ਕਰਨ ਤਾਂ ਜੋ ਸੰਘਰਸ਼ ‘ਚ ਡਟੇ ਕਿਸਾਨਾਂ ਨੂੰ ਹੌਸਲਾ ਤੇ ਢਾਰਸ ਮਿਲ ਸਕੇ।