Latest news

Glime India News

ਜੇਲ ‘ਚ ਭੜਕਿਆ ਦੰਗਾ, 8 ਕੈਦੀਆਂ ਦੀ ਮੌਤ, 37 ਤੋਂ ਵੱਧ ਜ਼ਖਮੀ

ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਬਾਹਰੀ ਇਲਾਕੇ ਦੀ ਇੱਕ ਜੇਲ ਵਿੱਚ ਦੰਗਾ ਭੜਕ ਗਿਆ, ਜਿਸ ‘ਚ ਅੱਠ ਕੈਦੀਆਂ ਦੀ ਮੌਤ ਹੋ ਗਈ, ਜਦਕਿ 37 ਤੋਂ ਵੱਧ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੁਝ ਕੈਦੀਆਂ ਨੇ ਜੇਲ ਦਾ ਦਰਵਾਜ਼ਾ ਖੋਲ ਕੇ ਭੱਜਣ ਦਾ ਯਤਨ ਕੀਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਤਾਕਤ ਦੀ ਵਰਤੋਂ ਕੀਤੀ। ਇਸ ‘ਤੇ ਦੰਗਾ ਸ਼ੁਰੂ ਹੋ ਗਿਆ। ਪੁਲਿਸ ਦੇ ਬੁਲਾਰੇ ਅਜਿਤ ਰੋਹਾਨਾ ਨੇ ਕਿਹਾ ਕਿ ਕੋਲੰਬੋ ਦੇ ਉੱਤਰ ਵਿੱਚ ਲਗਭਗ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮਹਾਰਾ ਜੇਲ ਵਿੱਚ ਕੈਦੀਆਂ ਨੇ ਅਸ਼ਾਂਤੀ ਪੈਦਾ ਕਰ ਦਿੱਤੀ, ਜਿਸ ਤੋਂ ਬਾਅਦ ਜੇਲ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਕਦਮ ਚੁੱਕੇ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਸ੍ਰੀਲੰਕਾ ਦੀ ਭੀੜਭਾੜ ਵਾਲੀਆਂ ਜੇਲਾਂ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਮਹਾਂਮਾਰੀ ਕਾਰਨ ਕੈਦੀਆਂ ਵਿਚਕਾਰ ਅਸ਼ਾਂਤੀ ਵਧ ਰਹੀ ਹੈ। ਕੈਦੀਆਂ ਨੇ ਹਾਲ ਦੇ ਹਫ਼ਤਿਆਂ ਵਿੱਚ ਕਈ ਜੇਲਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਹੈ।
ਰੋਹਾਨਾ ਨੇ ਕਿਹਾ ਕਿ ਘਟਨਾ ਦੀ ਸ਼ੁਰੂਆਤ ਕੈਦੀਆਂ ਦੇ ਇੱਕ ਸਮੂਹ ਵੱਲੋਂ ਦਰਵਾਜ਼ਾ ਖੋਲਣ ਅਤੇ ਭੱਜਣ ਦਾ ਯਤਨ ਕੀਤੇ ਜਾਣ ਬਾਅਦ ਸ਼ੁਰੂ ਹੋਈ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਉਨਾਂ ਕਿਹਾ ਕਿ ਪੂਰੀ ਘਟਨਾ ਦੌਰਾਨ ਦੋ ਜੇਲਰਾਂ ਸਣੇ ਘੱਟ ਤੋਂ ਘੱਟ 37 ਹੋਰ ਲੋਕ ਜ਼ਖਮੀ ਹੋਏ ਹਨ ਅਤੇ ਉਨਾਂ ਸਾਰਿਆਂ ਨੂੰ ਨੇੜੇ ਦੇ ਰਗਾਮਾ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਜੇਲ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਜੇਲ ‘ਚੋਂ ਧੂੰਆਂ ਨਿਕਲਦਾ ਹੋਇਆ ਦੇਖਿਆ ਗਿਆ ਸੀ। ਜੇਲ ਅਧਿਕਾਰੀਆਂ ਨੇ ਕਿਹਾ ਕਿ ਦੰਗਾਈਆਂ ਨੇ ਰਸੋਈ ਅਤੇ ਜੇਲ ਦੇ ਇੱਕ ਰਿਕਾਰਡ ਰੂਮ ਵਿੱਚ ਅੱਗ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਦੰਗਾਈ ਕੈਦੀਆਂ ਨੇ ਜੇਲਰ ਨੂੰ ਬੰਧਕ ਬਣਾਉਣ ਦਾ ਯਤਨ ਵੀ ਕੀਤਾ। ਰੋਹਾਨਾ ਨੇ ਕਿਹਾ ਕਿ ਕੈਦੀ ਚਾਹੁੰਦੇ ਸਨ ਕਿ ਉਨਾਂ ਨੂੰ ਇੱਥੋਂ ਕਿਸੇ ਦੂਜੀ ਜੇਲ ਵਿੱਚ ਤਬਦੀਲ ਕਰ ਦਿੱਤਾ ਜਾਵੇ, ਕਿਉਂਕਿ ਇਸ ਜੇਲ ਵਿੱਚ 175 ਕੈਦੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਬਾਰੇ ਪਤਾ ਲੱਗਾ ਹੈ। 

Leave a Comment