ਨੈਸ਼ਨਲ ਹਾਈਵੇਅ ਅਥਾਰਟੀ ਜਲੰਧਰ ਤੋਂ ਜੰਮੂ ਜਾਣ ਵਾਲੇ ਵਾਹਨਾਂ ਲਈ ਚਾਰ ਨਵੇਂ ਬਾਈਪਾਸ ਤਿਆਰ ਕਰਨ ਜਾ ਰਹੀ ਹੈ। ਇਸ ਵੇਲੇ ਭੋਗਪੁਰ, ਦਸੂਹਾ ਅਤੇ ਮੁਕੇਰੀਆਂ ਵਿੱਚੋਂ ਲੰਘਣਾ ਪੈਂਦਾ ਹੈ। ਦਿਨ-ਬ-ਦਿਨ ਵੱਧ ਰਹੇ ਟ੍ਰੈਫਿਕ ਕਾਰਨ ਇਨ੍ਹਾਂ ਸ਼ਹਿਰਾਂ ਵਿੱਚੋਂ ਲੰਘਣ ਵਾਲੇ ਹਾਈਵੇਅ ਛੋਟੇ ਹੁੰਦੇ ਜਾ ਰਹੇ ਹਨ ਅਤੇ ਸੜਕਾਂ ਕਿਨਾਰੇ ਖੜ੍ਹੇ ਵਾਹਨਾਂ ਕਾਰਨ ਜਦੋਂ ਤੇਜ਼ ਰਫ਼ਤਾਰ ਵਾਹਨ ਇਨ੍ਹਾਂ ਸ਼ਹਿਰਾਂ ਵਿੱਚ ਦਾਖ਼ਲ ਹੁੰਦੇ ਹਨ ਤਾਂ ਇਨ੍ਹਾਂ ਦੀ ਰਫ਼ਤਾਰ ਸਿਰਫ਼ 20 ਤੋਂ 30 ਹੀ ਰਹਿ ਜਾਂਦੀ ਹੈ।
ਨਵੇਂ ਬਾਈਪਾਸ ਲਈ ਮਾਰਚ ਤੋਂ ਬਾਅਦ ਟੈਂਡਰ ਸ਼ੁਰੂ ਹੋਣਗੇ। ਭੋਗਪੁਰ ਵਿੱਚ 55 ਤੋਂ 60 ਹੈਕਟੇਅਰ, ਦਸੂਹਾ ਵਿੱਚ 60 ਤੋਂ 70 ਹੈਕਟੇਅਰ ਅਤੇ ਮੁਕੇਰੀਆਂ ਵਿੱਚ 65 ਤੋਂ 70 ਹੈਕਟੇਅਰ ਰਕਬਾ ਕਿਸਾਨਾਂ ਤੋਂ ਲਿਆ ਜਾਵੇਗਾ। NHAI ਕੋਲ ਜਲੰਧਰ-ਜੰਮੂ ਹਾਈਵੇ ‘ਤੇ ਵੀ ਕਾਫੀ ਜ਼ਮੀਨ ਹੈ। ਅਧਿਕਾਰੀਆਂ ਵੱਲੋਂ ਇਸ ਸਬੰਧੀ ਸ਼ਹਿਰ ਦੇ ਸਬੰਧਤ ਵਿਭਾਗਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਕੰਮ ਸ਼ੁਰੂ ਹੋਣ ਦੌਰਾਨ ਪੈਦਾ ਹੋਣ ਵਾਲੀਆਂ ਰੁਕਾਵਟਾਂ ਨੂੰ ਪਹਿਲਾਂ ਹੀ ਦੂਰ ਕੀਤਾ ਜਾ ਸਕੇ। ਇਸ ਪੂਰੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਲਗਭਗ 900 ਕਰੋੜ ਰੁਪਏ ਦਾ ਅਨੁਮਾਨ ਤਿਆਰ ਕੀਤਾ ਗਿਆ ਹੈ।
ਜਲੰਧਰ-ਜੰਮੂ ਹਾਈਵੇਅ ਦੀ ਚਹੁੰ ਮਾਰਗੀ ਸਰਵਿਸ ਲੇਨ ਦੇ ਨਾਲ ਭੋਗਪੁਰ, ਦਸੂਹਾ ਅਤੇ ਮੁਕੇਰੀਆਂ ਵਿੱਚੋਂ ਲੰਘਦੀ ਹੈ। ਪਰ ਦੁਕਾਨਦਾਰ ਅਤੇ ਗ੍ਰਾਹਕ ਆਪਣੇ ਵਾਹਨ ਸਰਵਿਸ ਰੋਡ ‘ਤੇ ਹੀ ਪਾਰਕ ਕਰ ਰਹੇ ਹਨ। ਸਰਵਿਸ ਰੋਡ ‘ਤੇ ਪਾਰਕਿੰਗ ਦੀ ਜਗ੍ਹਾ ਖਤਮ ਹੋਣ ‘ਤੇ ਲੋਕ ਹਾਈਵੇ ‘ਤੇ ਵਾਹਨ ਪਾਰਕ ਕਰਕੇ ਖਰੀਦਦਾਰੀ ਕਰਨ ਜਾਂਦੇ ਹਨ। ਇਸ ਕਾਰਨ ਸਵੇਰ ਅਤੇ ਸ਼ਾਮ ਨੂੰ ਇੱਥੇ ਜ਼ਿਆਦਾ ਭੀੜ ਹੋ ਜਾਂਦੀ ਹੈ।

