




ਕੇਰਲਾ ਦੇ ਤਿਰੂਵਨਤਪੁਰਮ ਜਿਲ੍ਹੇ ‘ਚ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੀ ਬਠਿੰਡਾ ਦੀ ਧੀ ਡਾਕਟਰ ਨਵਜੋਤ ਕੌਰ ਖੋਸਾ ਨੂੰ ਕੇਰਲਾ ਸਰਕਾਰ ਨੇ ਵਧੀਆ ਡਿਪਟੀ ਕਮਿਸ਼ਨਰ ਦੇ ਸਨਮਾਨ ਨਾਲ ਨਿਵਾਜਿਆ ਹੈ।ਨਵਜੋਤ ਕੌਰ ਖੋਸਾ ਦੀ ਅਗਵਾਈ ਹੇਠ ਤਿਰੂਵਨਤਪੁਰਮ ਜਿਲ੍ਹੇ ਨੂੰ ਵੱਖ ਵੱਖ ਤਰਾਂ ਦੀਆਂ 12 ਕੈਟਾਗਰੀਆਂ ‘ਚ ਇਹ ਮਹੱਤਵਪੂਰਨ ਸਨਮਾਨ ਹਾਸਲ ਹੋਏ ਹਨ।
ਬਰਸਾਤਾਂ ਕਾਰਨ ਅਕਸਰ ਕੇਰਲਾ ‘ਚ ਹਰ ਵਰ੍ਹੇ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਹੈ। ਆਮ ਜਨਜੀਵਨ ‘ਚ ਕੋਈ ਵਿਘਨ ਨਾਂ ਪਵੇ ਜਿਸ ਕਰਕੇ ਹੜ੍ਹਾਂ ਨਾਲ ਨਜਿੱਠਣਾ ਚੁਣੌਤੀ ਬਣਾ ਹੈ। ਦੂਸਰਾ ਵੱਡਾ ਕਾਰਜ ਕਰੋਨਾ ਵਾਇਰਸ ਸੰਕਟ ਬਣਿਆ ਜਿਸ ਨੇ ਨਾਂ ਕੇਵਲ ਭਾਰਤ ਬਲਕਿ ਵਿਸ਼ਵ ਪੱਧਰ ਤੇ ਤਬਾਹੀ ਮਚਾਈ ਸੀ। ਕੇਰਲਾ ਦੀ ਅਬਾਦੀ ਕਰੀਬ ਤਿੰਨ ਕਰੋੜ ਹੈ ਜਿਸ ਚੋਂ ਅੰਦਾਜ਼ਨ 30 ਲੱਖ ਲੋਕ ਖਾੜੀ ਦੇਸ਼ਾਂ ‘ਚ ਗਏ ਹੋਏ ਹਨ। ਕਰੋਨਾ ਦੇ ਖਤਰੇ ਨੂੰ ਦੇਖਦਿਆਂ ਉਸ ਵਕਤ ਕਰੀਬ ਛੇ ਲੱਖ ਲੋਕ ਮੁਲਕ ਪਰਤੇ ਸਨ। ਦੱਸਿਆ ਜਾਂਦਾ ਹੈ ਕਿ ਪਹਿਲਾਂ ਤਿਰੂਵਨਤਪੁਰਮ ‘ਚ ਕੋਵਿਡ-19 ਦਾ ਕੋਈ ਮਾਮਲਾ ਨਹੀਂ ਸੀ ਪਰ ਬਾਹਰੋਂ ਆਉਣ ਵਾਲਿਆਂ ਕਾਰਨ ਕਰੋਨਾ ਦੇ ਮਾਮਲੇ ਸਾਹਮਣੇ ਆਏ ਸਨ।
ਨਵਜੋਤ ਕੌਰ ਖੋਸਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਢੁੱਕਵੀਂ ਯੋਜਨਾਬੰਦੀ ਦੇ ਅਧਾਰ ‘ਤੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੀ ਕਰੋਨਾ ਮਾਮਲੇ ‘ਚ ਵੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ। ਨਵਜੋਤ ਕੌਰ ਖੋਸਾ ਦੀ ਸਾਲ 2011 ‘ਚ ਚੋਣ ਹੋਈ ਸੀ। ਸਾਲ 2012 ਬੈਚ ਨਾਲ ਸਬੰਧ ਰੱਖਦੀ ਆਈਏਐਸ ਅਧਿਕਾਰੀ ਡਾ. ਨਵਜੋਤ ਕੌਰ ਖੋਸਾ ਪਹਿਲਾਂ ਥਾਲਾਸਾਰੀ ‘ਚ ਸਬ ਕੁਲੈਕਟਰ ਨਿਯੁਕਤ ਕੀਤੇ ਗਏ ਸਨ। ਉਸ ਮਗਰੋਂ ਉਨ੍ਹਾਂ ਨੂੰ ਐਸਡੀਐਮ ਅਤੇ ਬਾਅਦ ‘ਚ ਕਮਿਸ਼ਨਰ ਬਣਾਇਆ ਗਿਆ। ਉਨ੍ਹਾਂ ਦੀ ਕੇਰਲਾ ਮੈਡੀਕਲ ਸਰਵਿਸਜ਼ ਵਿਚ ਐੱਮਡੀ ਵਜੋਂ ਵੀ ਤਾਇਨਾਤੀ ਕੀਤੀ ਗਈ ਸੀ। ਅੱਜ ਕੱਲ੍ਹ ਡਾ ਖੋਸਾ ਤਿਰੁਵਨਤਪੁਰਮ ਦੇ ਡਿਪਟੀ ਕਮਿਸ਼ਨਰ ਹਨ ਜਿੱਥੇ ਕੀਤੇ ਸੁਧਾਰਾਂ ਤੇ ਮਜ਼ਬੂਤ ਰਾਜ ਪ੍ਰਬੰਧ ਲਈ ਕੀਤੇ ਉਪਰਾਲਿਆਂ ਦਾ ਕੇਰਲਾ ਸਰਕਾਰ ਨੇ ਲੋਹਾ ਮੰਨਿਆ ਹੈ।

