




ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਦੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਜਸਬੀਰ ਸਿੰਘ ਬੱਗਾ ‘ਤੇ ਤਹਿਸੀਲਦਾਰ ਨੂੰ ਬਲੈਕਮੇਲ ਕਰਨ, ਧਮਕਾਉਣ ਅਤੇ ਡਿਊਟੀ ਦੌਰਾਨ ਗਾਲੀ ਗਲੋਚ ਕਰਨ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੂੰ ਲੈ ਕੇ ਤਹਿਸੀਲਦਾਰ-1 ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਆਪਣੇ ਦਫ਼ਤਰ ‘ਚ ਬੈਠਾ ਹੋਇਆ ਸੀ।
ਇਸ ਦੌਰਾਨ ਦੁਪਹਿਰ ਤੋਂ ਬਾਅਦ ਜਸਵੀਰ ਸਿੰਘ ਬੱਗਾ ਆਪਣੇ 10 ਤੋਂ 12 ਸਾਥੀਆਂ ਨਾਲ ਮੇਰੇ ਦਫ਼ਤਰ ‘ਚ ਆ ਕੇ ਮੇਰੇ ਨਾਲ ਬਦਸਲੂਕੀ ਕਰਨ ਲੱਗਾ ਅਤੇ ਮੈਨੂੰ ਰਿਸ਼ਵਤ ਲੈਣ ਦੇ ਝੂਠੇ ਕੇਸ ‘ਚ ਫਸਾਉਣ ਦੀਆਂ ਧਮਕੀਆਂ ਦੇਣ ਲੱਗਾ। ਇਸ ਤੋਂ ਬਾਅਦ ਤਹਿਸੀਲਦਾਰ ਦੀ ਸ਼ਿਕਾਇਤ ‘ਤੇ ਨਵੀਂ ਬਾਰਾਂਦਰੀ ਥਾਣੇ ‘ਚ ਆਈ. ਪੀ. ਸੀ. ਦੀ ਧਾਰਾ 342, 186, 384, 506, 34 ਦੇ ਤਹਿਤ ਲਿੱਪ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਬੱਗਾ ‘ਤੇ ਮਾਮਲਾ ਦਰਜ ਕੀਤਾ ਗਿਆ।
ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਬੱਗਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿੱਧੂ ਤੋਂ ਕੋਈ ਪੈਸਾ ਨਹੀਂ ਮੰਗਿਆ। ਉਹ ਤਿੰਨ ਸਾਲਾਂ ਤੋਂ ਤਹਿਸੀਲ ਵਿੱਚ ਤਾਇਨਾਤ ਹਨ ਅਤੇ ਇੱਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪੈਸੇ ਲਏ ਬਿਨਾਂ ਕੋਈ ਰਜਿਸਟਰੀ ਨਹੀਂ ਹੁੰਦੀ। ਜਦੋਂ ਉਸ ਦੀ ਸ਼ਿਕਾਇਤ ਕੀਤੀ ਗਈ ਤਾਂ ਹੁਣ ਮਨਘੜਤ ਕਹਾਣੀ ਦੱਸ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।

