ਜਲੰਧਰ ਪੁਲਿਸ ਨੇ ਥਾਣਾ ਸਦਰ ਵਿਖੇ ਹੈਮਿਲਟਨ ਗਰੁੱਪ ਦੇ MD ਕੁਨਾਲ ਸੱਭਰਵਾਲ ਅਤੇ ਇਕ ਜੇਸੀਬੀ ਡਰਾਈਵਰ ਜਗਤਾਰ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 447 ਤੇ 511 ਦੇ ਤਹਿਤ ਕੇਸ ਦਰਜ ਕੀਤਾ ਹੈ ਅਤੇ ਪੁਿਲਸ ਵੱਲੋਂ ਡਰਾਈਵਰ ਜਗਤਾਰ ਸਿੰਘ ਵਾਸੀ ਲੋਹਗੜ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਮਾਮਲੇ ਦੀ ਪੁਸ਼ਟੀ ਜਲੰਧਰ ਹਾਈਟਸ ਚੌਕੀ ਇੰਚਾਰਜ ਅਵਤਾਰ ਸਿੰਘ ਨੇ ਕੀਤੀ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ‘ਚ ਪਿੰਡ ਫੋਲੜੀਵਾਲ ਨਿਵਾਸੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਐੱਨਆਰਆਈ ਹਨ, ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਦੇ ਨਾਂ ‘ਤੇ 66 ਫੁੱਟੀ ਰੋਡ ਵਿਖੇ ਪਿੰਡ ਕਾਦੀਆਂਵਾਲੀ ਵਿਖੇ ਦੋ ਏਕੜ ਚਾਰ ਕਨਾਲ ਦੋ ਮਰਲੇ ਜ਼ਮੀਨ ਹੈ । ਉਨ੍ਹਾਂ ਦੀ ਇਸ ਜ਼ਮੀਨ ਦੀ ਚਾਰਦੀਵਾਰੀ ਵੀ ਕੀਤੀ ਹੋਈ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜ਼ਮੀਨ ਦਾ ਇੱਕ ਪਾਸਾ ਹੈਮਿਲਟਨ ਫਲੈਟਸ ਦੀ ਬੈਕਸਾਈਡ ਦੇ ਨਾਲ ਲੱਗਦਾ ਹੈ। ਹੈਮਿਲਟਨ ਗਰੁੱਪ ਵਾਲਿਆਂ ਨੇ ਆਪਣੀ ਚਾਰਦੀਵਾਰੀ ਕੀਤੀ ਹੋਈ ਹੈ। ਜਦੋਂ ਉਹ ਬੀਤੇ ਦਿਨੀਂ ਆਪਣਾ ਪਲਾਟ ਵੇਖਣ ਆਏ ਤਾਂ ਹੈਰਾਨ ਰਹਿ ਗਏ ਕਿ ਹੈਮਿਲਟਨ ਗਰੁੱਪ ਦੇ ਨਾਲ ਲੱਗਦੇ ਉਨ੍ਹਾਂ ਦੇ ਪਲਾਟ ਦੀ ਚਾਰਦੀਵਾਰੀ ਦੇ ਬਾਬਜੂਦ ਇਕ ਜੇਸੀਬੀ ਉਹਨਾਂ ਦੇ ਪਲਾਂਟ ਵਿਚ ਚਲਾਈ ਜਾ ਰਹੀ ਹੈ ਅਤੇ ਹੈਮਿਲਟਨ ਦੇ ਨਾਲ ਲਗਦੀ ਉਨ੍ਹਾਂ ਦੇ ਪਲਾਟ ਦੀ ਦੀਵਾਰ ਦੇ ਨਾਲ ਇਕ ਡੂੰਘੀ ਖਾਈ ਖੋਦੀ ਜਾ ਰਹੀ ਹੈ! ਇਸ ਦੇ ਰਾਹੀਂ ਹੈਮਿਲਟਨ ਫਲੈਟਸ ਦਾ ਸਾਰਾ ਗੰਦਾ ਪਾਣੀ ਉਨ੍ਹਾਂ ਦੇ ਪਲਾਟ ਦੇ ਨਾਲ ਖੱਡਾ ਪੁੱਟ ਕੇ ਉਸ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਾਰੀ ਜ਼ਮੀਨ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ!
ਜਦੋਂ ਉਨ੍ਹਾਂ ਇਸ ਸਾਰੇ ਮਾਮਲੇ ਬਾਰੇ ਜੇ ਸੀ ਬੀ ਦੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ ਕਿ ਉਸ ਨੂੰ ਇਹ ਸਾਰਾ ਕੰਮ ਕਰਨ ਦੇ ਲਈ ਹੈਮਿਲਟਨ ਗਰੁੱਪ ਦੇ ਐਮਡੀ ਕੁਨਾਲ ਸੱਭਰਵਾਲ ਨੇ ਕਿਹਾ ਹੈ।
ਸ਼ਿਕਾਇਤਕਰਤਾ ਅੰਮ੍ਰਿਤਪਾਲ ਨੇ ਦੱਸਿਆ ਸੀ ਕਿ ਇਸ ਮੌਕੇ ਹੈਮਿਲਟਨ ਫਲੈਟਸ ਦੇ ਇੰਜੀਨੀਅਰ ਗਗਨਦੀਪ ਅਤੇ ਹੋਰ ਲੋਕ ਵੀ ਮੌਕੇ ਤੇ ਆ ਗਏ ਅਤੇ ਉਲਟਾ ਉਨ੍ਹਾਂ ਨੂੰ ਹੀ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਪਾਲ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਾਨੂੰਨਨ ਅਪਰਾਧ ਹੈ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਜਲੰਧਰ ਹਾਈਟਸ ਚੌਕੀ ਇੰਚਾਰਜ ਨੂੰ ਦਿੱਤੀ. ਚੌਕੀ ਇੰਚਾਰਜ ਨੇ ਮੌਕੇ ਤੇ ਆ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਜੇਸੀਬੀ ਡਰਾਈਵਰ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਹੈਮਿਲਟਨ ਗਰੁੱਪ ਦੇ ਐਮਡੀ ਕੁਨਾਲ ਸਭਰਵਾਲ ਅਤੇ ਜੇਸੀਬੀ ਡ੍ਰਾਈਵਰ ਅਵਤਾਰ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ .

