ਧਾਰੀਵਾਲ ਸ਼ਹਿਰ ਦੇ ਪੁਰਾਣਾ ਬੱਸ ਅੱਡਾ ਮੁੱਖ ਮਾਰਗ ‘ਤੇ ਸਥਿਤ ਦੁਰਗਾ ਜਿਊਲਰਜ਼ ਦੀ ਦੁਕਾਨ ‘ਤੇ ਲੁੱਟ ਕਰਨ ਦੀ ਨੀਯਤ ਨਾਲ ਆਏ ਵਿਅਕਤੀ ਨੂੰ ਦੁਕਾਨਦਾਰ ਨੇ ਫੁਰਤੀ ਮਾਰਦੇ ਹੋਏ ਫੜ੍ਹ ਕੇ ਪੁਲਿਸ ਹਵਾਲੇ ਕੀਤਾ।
ਸੁਨਿਆਰਾ ਅਮਿਤ ਧੁਨਾ ਪੁੱਤਰ ਰਜਿੰਦਰ ਲਵਲੀ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਹ ਆਪਣੀ ਦੁਕਾਨ ‘ਤੇ ਸਨ ਤਾਂ ਇਕ ਵਿਅਕਤੀ ਨੇ ਗਹਿਣੇ ਖ਼ਰੀਦਣ ਦਾ ਬਹਾਨਾ ਲਾ ਕੇ ਕੁਝ ਗਹਿਣੇ ਵੇਖਣੇ ਸ਼ੁਰੂ ਕਰ ਦਿੱਤੇ, ਜਿਸ ‘ਤੇ ਕੁਝ ਦੇਰ ਬਾਅਦ ਜਦੋਂ ਉਸ ਨੇ ਪਿਸਤੌਲ ਕੱਢਿਆ ਤਾਂ ਉਸ ਨੇ ਅਤੇ ਉਸ ਦੇ ਇਕ ਦੁਕਾਨ ਵਿਚ ਬੈਠੇ ਸਾਥੀ ਨੇ ਇਕਦਮ ਲੁਟੇਰੇ ਨੂੰ ਝਪਟ ਮਾਰ ਕੇ ਪਿਸਤੌਲ ਖੋਹੀ ਅਤੇ ਹੱਥੋਪਾਈ ਸ਼ੁਰੂ ਹੋ ਗਈ, ਜਿਸ ‘ਤੇ ਹੋਰ ਲੋਕਾਂ ਨੇ ਵੀ ਲੁਟੇਰੇ ਨੂੰ ਫੜਨ ‘ਚ ਮਦਦ ਕੀਤੀ।
ਇੰਨੇ ਨੂੰ ਪੁਲਿਸ ਥਾਣਾ ਧਾਰੀਵਾਲ ਦੇ ਐੱਸ.ਐੱਚ.ਓ. ਮਨਜੀਤ ਸਿੰਘ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਏ। ਜ਼ਿਕਰਯੋਗ ਹੈ ਕਿ ਲੁੱਟ ਕਰਨ ਆਇਆ ਵਿਅਕਤੀ ਕੁਲਦੀਪ ਸਿੰਘ ਵਾਸੀ ਦੌਰਾਂਗਲਾ ਅਕਾਲੀ ਦਲ ਜਨਰਲ ਕੌਂਸਲਰ ਦਾ ਮੈਂਬਰ ਅਤੇ ਉਹ ਅਕਾਲੀ ਦਲ ਦਾ ਸਰਕਲ ਪ੍ਰਧਾਨ ਵੀ ਰਹਿ ਚੁੱਕਾ ਹੈ।

