ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਦੇ ਪਿੰਡ ਭਲਾਣ ਤਰਫ਼ਮਜਾਰੀ ਤੇ ਸੈਂਸੋਵਾਲ ਵਿਖੇ ਅੱਜਕੱਲ੍ਹ ਡੀਸਿਲਟਿੰਗ ਦੇ ਨਾਂ ‘ਤੇ ਰੱਜ ਕੇ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ, ਮਾਈਨਿੰਗ ਮਾਫ਼ੀਆ ਵੱਲੋਂ ਪੋਕਲੇਨ, ਜੇਸੀਬੀ ਮਸ਼ੀਨਾਂ ਲਾ ਕੇ ਧੜਾ ਧੜ ਟਿੱਪਰ ਭਰੇ ਜਾ ਰਹੇ ਹਨ। ਮਸ਼ੀਨਾਂ ਨਾਲ 20 ਤੋਂ 30 ਫੁੱਟ ਤਕ ਦੇ ਖੱਡੇ ਪੁੱਟ ਕੇ ਰੇਤ ਕੱਢਿਆ ਜਾ ਰਿਹਾ ਸੀ।ਇਲਾਕੇ ਦੇ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ।
ਜੇਕਰ ਕਲਵਾਂ ਤੋਂ ਨੰਗਲ ਵਾਲੀ ਸੜਕ ‘ਤੇ ਪੈਦੇ ਸਵਾਂ ਨਦੀ ਦੇ ਪੁਲ਼ ਦੀ ਗੱਲ ਕਰੀਏ ਤਾਂ ਮਾਈਨਿੰਗ ਮਾਫ਼ੀਆ ਵੱਲੋਂ ਕੀਤੀ ਜਾ ਰਹੀ ਕੁਦਰਤੀ ਸੋਮਿਆਂ ਦੀ ਅੰਨੇਵਾਹ ਲੁੱਟ ਨੇ ਪੁਲ਼ ਦੇ ਪਿੱਲਰਾਂ ਨੂੰ ਵੀ ਨੰਗਾ ਕਰ ਦਿੱਤਾ ਹੈ ਜਿਸ ਕਾਰਨ ਪਿੱਲਰਾਂ ਨੂੰ ਤੇ੍ੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਦਿਲਚਸਪ ਗੱਲ ਇਹ ਹੈ ਕਿ ਸੂਬਾ ਸਰਕਾਰ ਮਾਈਨਿੰਗ ਮਾਫ਼ੀਆ ਨੂੰ ਖ਼ਤਮ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਮੰਤਰੀ ਦੇ ਆਪਣੇ ਹਲਕੇ ਵਿਚ ਹੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਲਾਕੇ ਦੇ ਲੋਕ ਰੌਲ਼ਾ ਪਾ ਰਹੇ ਹਨ ਪ੍ਰੰਤੂ ਮੰਤਰੀ ਤੇ ਪ੍ਰਸ਼ਾਸਨ ਦੇ ਕੰਨਾਂ ਤਕ ਆਵਾਜ਼ ਕਿਉਂ ਨਹੀਂ ਪਹੁੰਚ ਰਹੀ ਇਹ ਇਕ ਸਵਾਲ ਬਣ ਗਿਆ ਹੈ। ਅੱਜ ਇਲਾਕਾ ਸੰਘਰਸ਼ ਕਮੇਟੀ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਐੱਸਡੀਐੱਮ ਸ੍ਰੀ ਆਨੰਦਪੁਰ ਸਾਹਿਬ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਲਾਕੇ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਰੋਕਿਆ ਜਾਵੇ।
ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਇਲਾਕੇ ਦੇ ਲੋਕਾਂ ਵੱਲੋਂ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਬਣਾਈ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਟਿੱਕਾ, ਯਸ਼ਵੀਰ ਚੰਦ, ਹਰਪਾਲ ਸਿੰਘ ਮਜਾਰੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਨੂੰ ਦੁਹਾਈ ਪਾ ਰਹੇ ਹਾਂ ਕਿ ਇਸ ਇਲਾਕੇ ਨੂੰ ਮਾਈਨਿੰਗ ਮਾਫੀਏ ਤੋ ਬਚਾਇਆ ਜਾਵੇ ਕਿਉਂਕਿ ਜਿਸ ਤਰ੍ਹਾਂ ਮਾਫ਼ੀਆ ਕੁਦਰਤੀ ਸੋਮਿਆਂ ਦੀ ਲੁੱਟ ਤੇ ਵਾਤਾਵਰਨ ਨੂੰ ਖ਼ਰਾਬ ਕਰਨ ਲੱਗਿਆ ਹੋਇਆ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਲਾਕੇ ਦੇ ਲੋਕਾਂ ਨੂੰ ਸਿੰਚਾਈ ਤੇ ਪੀਣ ਲਈ ਪਾਣੀ ਮਿਲਣਾ ਔਖਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਇਲਾਕੇ ਦੀ ਆਵਾਜ਼ ਨੂੰ ਸਰਕਾਰ ਤਕ ਪਹੁੰਚਾਉਣ ਲਈ ਪਿੰਡ ਐਲਗਰਾਂ ਦੇ ਨੇੜੇ ਸਵਾਂ ਨਦੀ ਦੇ ਪੁਲ਼ ਕੋਲ 12 ਮਾਰਚ ਤੋਂ ਲਗਾਤਾਰ ਧਰਨਾ ਦੇ ਰਹੇ ਹਾਂ ਕਿ ਨਾਜਾਇਜ਼ ਮਾਈਨਿੰਗ ਰੋਕੀ ਜਾਵੇ। ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਦੀ ਪਾਲਿਸੀ ਤੇ ਕਾਨੂੰਨ ਅਨੁਸਾਰ ਹੀ ਮਾਈਨਿੰਗ ਹੋਣੀ ਚਾਹੀਦੀ ਹੈ ਤੇ ਰੇਤ ਤੇ ਪੱਥਰ ਨਾਲ ਭਰੇ ਟਰੱਕ ਅੰਡਰ ਲੋਡ ਹੋਣੇ ਚਾਹੀਦੇ ਹਨ ਤਾਂ ਕਿ ਸੜਕਾਂ ਦਾ ਨੁਕਸਾਨ ਨਾ ਹੋਵੇ। ਆਗੂਆਂ ਨੇ ਕਿਹਾ ਕਿ ਨਦੀ ‘ਚੋਂ ਹਰ ਰੋਜ਼ ਪਾਣੀ ਨੁੱਚੜਦੇ ਸੈਂਕੜੇ ਟਿੱਪਰ ਨਿਕਲਦੇ ਹਨ ਅਤੇ ਮਾਫ਼ੀਆ ਵਿਭਾਗ ਵੱਲੋਂ ਡੀਸਿਲਟਿੰਗ ਦੀ ਕੀਤੀ ਨਿਸ਼ਾਨਦੇਹੀ ਨਾਲ ਵੀ ਛੇੜਛਾੜ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀ ਮਾਈਨਿੰਗ ਦੇ ਖ਼ਿਲਾਫ਼ ਨਹੀ ਹਾਂ, ਅਸੀਂ ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਬੋਲ ਰਹੇ ਹਾਂ। ਆਗੂਆਂ ਨੇ ਦੱਸਿਆ ਕਿ ਕਿਸੇ ਸਮੇਂ ਇਸ ਇਲਾਕੇ ‘ਚ ਜੇ ਇਕ ਉਂਗਲ ਨਾਲ ਵੀ ਨਲਕਾ ਗੇੜਦੇ ਸੀ ਤਾਂ ਪਾਣੀ ਆ ਜਾਂਦਾ ਸੀ ਹੁਣ ਸਥਿਤੀ ਇਹ ਬਣ ਗਈ ਕਿ ਪਾਣੀ ਦਾ ਪੱਤਣ 200 ਤੋਂ 250 ਤਕ ਪੁੱਜ ਗਿਆ।

